ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 11 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਪਹਿਲੀ ਕਨਵੈਨਸ਼ਨ ਚਵਿੰਡਾ ਕਲਾਂ ਚੁਗਾਵਾਂ, ਦੂਜੀ ਗੁਰਦੁਆਰਾ ਗੁਰਿਆਣਾ ਸਾਹਿਬ ਵੱਲਾ ਅਤੇ ਤੀਸਰੀ ਕਨਵੈਨਸ਼ਨ ਪਿੰਡ ਰੁਮਾਣਾ ਚੱਕ ਬਾਬਾ ਬਕਾਲਾ ਸਾਹਿਬ ਵਿੱਚ ਕੀਤੀ ਗਈ।
ਇਸ ਦੌਰਾਨ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਇਨ੍ਹਾਂ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੱਲਾ ਵਿੱਚ ਸੰਸਾਰ ਬੈਂਕ ਵੱਲੋਂ ਲਗਾਏ ਜਾ ਰਹੇ ਪਾਣੀ ਦੇ ਪ੍ਰਾਜੈਕਟ ਖ਼ਿਲਾਫ਼ 21 ਜੁਲਾਈ ਤੋਂ ਪੰਜ ਰੋਜ਼ਾ ਪੰਜਾਬ ਪੱਧਰੀ ਮੋਰਚਾ ਸ਼ੁਰੂ ਕੀਤਾ ਜਾਵੇਗਾ। ਕਿਸਾਨ ਆਗੂ ਜਰਮਨਜੀਤ ਸਿੰਘ ਬੰਡਾਲਾ, ਡਾ. ਕੰਵਰਦਲੀਪ ਸਿੰਘ ਨੇ ਕਿਹਾ ਕਿ ਸੰਸਾਰ ਬੈਂਕ ਦੀ ਨੀਤੀ ਤਹਿਤ ਜ਼ਮੀਨ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਹੈ। ਸਰਕਾਰਾਂ ਵੱਲੋਂ ਦੇਸ਼ ਵਿੱਚ ਸਾਮਰਾਜੀ ਮਾਡਲ ਲਿਆ ਕੇ ਝੋਨਾ ਲਗਵਾਇਆ ਗਿਆ। ਝੋਨਾ ਪੰਜਾਬ ਦੀ ਖੁਰਾਕ ਨਹੀਂ ਸੀ, ਪਰ ਫਿਰ ਵੀ ਪੰਜਾਬ ਵਿੱਚ ਜਾਣਬੁੱਝ ਕੇ ਲਿਆਂਦਾ ਗਿਆ ਅਤੇ ਅੱਜ ਜਦੋਂ ਪਾਣੀ ਦਾ ਪੱਧਰ ਘਟਿਆ ਤਾਂ ਇਸ ਦਾ ਦੋਸ਼ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਵਿੱਚੋਂ ਬਾਹਰ ਕੱਢਣ ਲਈ ਬਾਕੀ ਸਾਰੀਆਂ ਫ਼ਸਲਾਂ ਦੇ ਭਾਅ 2ਸੀ ਧਾਰਾ ਮੁਤਾਬਿਕ ਐਲਾਨੇ ਜਾਣ, ਨਹਿਰੀ ਪਾਣੀ ਦਾ ਸਿੰਜਾਈ ਖੇਤਰ ਲਈ ਵੱਧ ਤੋਂ ਵੱਧ ਵਿਸਥਾਰ ਕੀਤਾ ਜਾਵੇ, ਜਿਹੜੀਆਂ ਫੈਕਟਰੀਆਂ ਪੰਜਾਬ ਦੇ ਦਰਿਆਵਾਂ, ਨਹਿਰਾਂ ਵਿੱਚ ਗੰਦਾ ਪਾਣੀ ਪਾ ਰਹੀਆਂ ਹਨ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤੇ ਉਨ੍ਹਾਂ ਦਾ ਪਾਣੀ ਸਾਫ ਕਰ ਕੇ ਧਰਤੀ ਹੇਠ ਭੇਜਿਆ ਜਾਵੇ ਅਤੇ ਬਰਸਾਤੀ ਪਾਣੀ ਜ਼ਮੀਨ ਹੇਠ ਭੇਜਣ ਲਈ ਠੋਸ ਨੀਤੀ ਲਿਆਂਦੀ ਜਾਵੇ। ਮੀਟਿੰਗ ਤੋਂ ਬਾਅਦ ਕਿਸਾਨਾਂ ਵੱਲੋਂ ਮਹਿਤਾ ਰੋਡ ਜਾਮ ਕਰ ਕੇ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਫੂਕਿਆ ਗਿਆ।
ਇਸ ਮੌਕੇ ਜ਼ੋਨ ਦੇ ਪ੍ਰਧਾਨ ਕਵਲਜੀਤ ਸਿੰਘ ਵੰਨਚੜੀ, ਮਨਰਾਜ ਸਿੰਘ ਵੱਲਾ, ਦਿਲਬਾਗ ਸਿੰਘ ਖਾਪੜਖੇੜੀ ਤੇ ਮੰਗਵਿੰਦਰ ਸਿੰਘ ਮੰਡਿਆਲਾ ਆਦਿ ਆਗੂ ਵੀ ਹਾਜ਼ਰ ਸਨ।