ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 8 ਅਗਸਤ
ਕਿਸਾਨਾਂ ਵੱਲੋਂ ਵੱਡੀ ਗਿਣਤੀ ਗੱਡੀਆਂ ਤੇ ਟਰੈਕਟਰਾਂ ਦਾ ਕਾਫਲਾ ਕੱਢਿਆ ਗਿਆ। ਇਹ ਮਾਰਚ ਰਾਮਤੀਰਥ ਤੋਂ ਸ਼ੁਰੂ ਹੋ ਕੇ ਕੁੱਕੜਾਂ ਵਾਲਾ, ਗੁਰੂ ਕਾ ਬਾਗ, ਚਮਿਆਰੀ, ਰਮਦਾਸ, ਅਜਨਾਲਾ ਤੱਕ ਗਿਆ ਜਿਸ ਦੌਰਾਨ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਖੇਤੀ ਵਿਰੋਧੀ ਨੀਤੀਆਂ ਅਤੇ 15 ਅਗਸਤ ਦੀ ਅਧੂਰੀ ਆਜ਼ਾਦੀ ਦੇ ਮਾਰਚ ਸਬੰਧੀ ਜੁੜਨ ਦਾ ਹੋਕਾ ਦਿੱਤਾ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਜਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਆਦਿ ਆਗੂਆਂ ਦੀ ਅਗਵਾਈ ਹੇਠ ਅੱਜ ਜ਼ੋਨ ਗੁਰੂ ਕਾ ਬਾਗ, ਚੋਗਾਵਾਂ, ਬਾਉਲੀ ਸਾਹਿਬ, ਬਾਬਾ ਸੋਹਣ ਸਿੰਘ ਭਕਨਾ ਤੇ ਰਾਮਤੀਰਥ ਦੇ ਹਜ਼ਾਰਾਂ ਵਰਕਰਾਂ ਵਲੋਂ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਕਤ ਆਗੂਆਂ ਨੇ ਦੱਸਿਆ ਕਿ ਜਥੇਬੰਦੀ 15 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵਾਹਗਾ ਬਾਰਡਰ ਤੋਂ ਬਿਆਸ ਤੱਕ ਮੋਟਰਸਾਈਕਲ ਮਾਰਚ ਕੱਢੇਗੀ। ਗੋਲਡਨ ਗੇਟ ਅੰਮ੍ਰਿਤਸਰ ਵਿਖੇ ਰਾਜ ਪ੍ਰਬੰਧ ਦਾ ਅਰਥੀ ਫੂਕ ਮੁਜ਼ਾਹਰਾ ਕਰੇਗੀ ਤੇ ਅਧੂਰੀ ਅਜ਼ਾਦੀ ਦਿਹਾੜਾ ਮਨਾਵੇਗੀ।
ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਸਹਿਜ ਪਾਠ ਆਰੰਭ
ਅੰਮ੍ਰਿਤਸਰ, (ਖੇਤਰੀ ਪ੍ਰਤੀਨਿਧ): ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਗੁਰਦੁਆਰਾ ਧਰਮਸ਼ਾਲਾ ਭਾਈ ਹਿੰਮਤ ਸਿੰਘ ਸ਼ਹੀਦ (ਪੰਜ ਪਿਆਰੇ) ਦੇ ਅਸਥਾਨ ਮਾਲ ਮੰਡੀ ਜੀ.ਟੀ ਰੋਡ ਵਿਖੇ ਚਲਾਈ ਜਾ ਰਹੀ ਸਹਿਜ ਪਾਠਾਂ ਦੀ ਲੜੀ ਦੌਰਾਨ ਅੱਜ 14ਵੇਂ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ 15ਵੇਂ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਰਬੀਰ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਜਿਸ ਉਪਰੰਤ ਸਰਬਤ ਦੇ ਭਲੇ ਤੇ ਕਿਸਾਨ ਸੰਘਰਸ਼ ਦੀ ਕਾਮਯਾਬੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਸਹਿਜ ਪਾਠ ਲੜੀ ਦੇ ਸੰਚਾਲਕ ਭਾਈ ਇਕਬਾਲ ਸਿੰਘ ਤੁੰਗ ਨੇ ਕਿਹਾ ਕਿ ਸਾਰਾ ਦੇਸ਼ ਕਿਸਾਨਾਂ ਨਾਲ ਖੜ੍ਹਾ ਹੈ ਅਤੇ ਹੁਣ ਕੇਂਦਰੀ ਹਕੂਮਤ ਵਲੋਂ ਕਿਸਾਨਾਂ ਨੂੰ ਦਬਾਉਣ ਵਾਲੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।
ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਰਵਾਨਾ
ਅਟਾਰੀ (ਪੱਤਰ ਪ੍ਰੇਰਕ): ਸਰਹੱਦੀ ਖੇਤਰ ਅਟਾਰੀ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦਾ ਜਥਾ ਬਲਦੇਵ ਸਿੰਘ ਧਾਰੀਵਾਲ, ਸ਼ਰਨਜੀਤ ਸਿੰਘ ਧਨੋਏ, ਨਿਰਮਲ ਸਿੰਘ ਮੋਦੇ, ਮਹਿੰਦਰ ਸਿੰਘ ਰਤਨ ਅਤੇ ਸੰਤੋਖ ਸਿੰਘ ਜੇਈ ਦੀ ਅਗਵਾਈ ਹੇਠ ਅੱਜ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ। ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਅੱਜ ਤੀਸਰੀ ਵਾਰ ਜਥਾ ਲੈ ਕੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਭਾਗ ਲੈਣ ਲਈ ਜਾ ਰਹੇ ਹਨ ਅਤੇ ਜਥਾ ਲਗਾਤਾਰ 10 ਦਿਨ ਉੱਥੇ ਰਹੇਗਾ। ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨ ਮੋਰਚੇ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।