ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਅਕਤੂਬਰ
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵਿੰਗ ਨੇ ਜੇਲ੍ਹ ਵਿੱਚ ਨਸ਼ਿਆਂ ਦਾ ਕਾਰੋਬਾਰ ਚਲਦਾ ਹੋਣ ਦਾ ਖੁਲਾਸਾ ਕੀਤਾ ਹੈ। ਇਸ ਸਬੰਧ ’ਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਇਕ ਜੇਲ੍ਹ ਵਾਰਡਨ ਰਛਪਾਲ ਸਿੰਘ ਨੂੰ ਡਿਊਟੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 35 ਗ੍ਰਾਮ ਹੈਰੋਇਨ ਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸ ਸਬੰਧੀ ਐੱਸਟੀਐੱਫ ਦੇ ਸਹਾਇਕ ਇੰਸਪੈਕਟਰ ਜਨਰਲ ਰਛਪਾਲ ਸਿੰਘ ਨੇ ਦੱਸਿਆ ਕਿ ਐੱਸਟੀਐੱਫ ਪੁਲੀਸ ਵੱਲੋਂ ਜੇਲ੍ਹ ’ਚ ਚੱਲ ਰਹੇ ਨਸ਼ਿਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਾਰਡਨ ਰਛਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਖੁਲਾਸਾ ਹੋਇਆ ਹੈ ਕਿ ਜੇਲ੍ਹ ’ਚ ਬੰਦ ਕੈਦੀ ਤੇ ਹਵਾਲਾਤੀ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਵਾਰਡਨ ਕੋਲੋਂ ਜੇਲ੍ਹ ਵਿੱਚ ਬੰਦ ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਨਿੱਕਾ ਤੇ ਬਿਕਰਮਜੀਤ ਸਿੰਘ ਉਰਫ ਬੌਬੀ ਵੱਲੋਂ ਇਹ ਹੈਰੋਇਨ ਮੰਗਵਾਈ ਗਈ ਸੀ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਹੈ। ਇਕ ਹੋਰ ਜੇਲ੍ਹ ਵਾਰਡਨ ਸ਼ੁਬੇਗ ਸਿੰਘ ਕੋਲੋਂ ਡਿਊਟੀ ਦੌਰਾਨ 10 ਗ੍ਰਾਮ ਅਫੀਮ ਬਰਾਮਦ ਹੋਈ ਹੈ। ਉਸਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਹੇਠ ਤੇ ਪ੍ਰਿਜ਼ਨ ਐਕਟ ਹੇਠ ਕੇਸ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਐੱਸਟੀਐੱਫ ਵੱਲੋਂ ਸੋਨੂੰ ਸਿੰਘ ਤੇ ਗੁਰਮੁਖ ਸਿੰਘ ਨਾਂ ਦੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸੋਨੂੰ ਸਿੰਘ ਉਰਫ ਸੋਨੀ ਕੋਲੋਂ ਖੁਲਾਸਾ ਹੋਇਆ ਕਿ ਉਸ ਦਾ ਮਾਸੀ ਦਾ ਮੁੰਡਾ ਬਲਦੇਵ ਸਿੰਘ ਉਰਫ ਦੇਬੂ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ ਤੇ ਜੇਲ੍ਹ ’ਚੋਂ ਹੀ ਨਸ਼ਿਆਂ ਦਾ ਨੈੱਟਵਰਕ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਕੇਂਦਰੀ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ ਤੇ ਜਲਦੀ ਹੀ ਬਲਦੇਵ ਸਿੰਘ ਉਰਫ ਦੇਬੂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੋਨੂੰ ਸਿੰਘ ਦਾ ਸਕਾ ਭਰਾ ਜੋਗਿੰਦਰ ਸਿੰਘ ਉਰਫ ਸ਼ੰਮੀ ਪਹਿਲਾਂ ਹੀ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਵਿੱਚ ਜੇਲ੍ਹ ਵਿਚ ਬੰਦ ਹੈ। ਪੁਲੀਸ ਵੱਲੋਂ ਇਨ੍ਹਾਂ ਦੀ ਨਸ਼ਿਆਂ ਦੇ ਧੰਦੇ ਤੋਂ ਗੈਰਕਾਨੂੰਨੀ ਢੰਗ ਨਾਲ ਬਣਾਈ ਲਗਪਗ ਇੱਕ ਕਰੋੜ ਰੁਪਏ ਦੀ ਜਾਇਦਾਦ ਫ੍ਰੀਜ ਕਰਵਾਈ ਜਾ ਚੁੱਕੀ ਹੈ। ਇਸੇ ਤਰ੍ਹਾਂ ਐੱਸਟੀਐੱਫ ਨੇ ਡਰੋਨ ਰਾਹੀਂ ਸਰਹੱਦ ਪਾਰੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਦੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਸ ਸਬੰਧ ਵਿਚ ਬੀਤੇ ਕੱਲ੍ਹ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੀ ਨਿਸ਼ਾਨਦੇਹੀ ਤੇ ਚਾਰ ਕਿੱਲੋ ਹੈਰੋਇਨ ਜੋ ਘਰ ਦੇ ਪਿੱਛੇ ਖੇਤਾਂ ਵਿੱਚ ਲੁਕਾਈ ਹੋਈ ਸੀ, ਨੂੰ ਬਰਾਮਦ ਕੀਤਾ।