ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਮਈ
ਮੰਚ-ਰੰਗਮੰਚ ਅੰਮ੍ਰਿਤਸਰ ਨਾਟ ਸੰਸਥਾ ਵੱਲੋਂ ਵਿਰਸਾ ਵਿਹਾਰ ਕੇਂਦਰ ਦੇ ਸਹਿਯੋਗ ਨਾਲ ਕੌਮੀ ਰੰਗਮੰਚ ਉਤਸਵ ਦੇ ਉਦਘਾਟਨੀ ਸਮਾਗਮ ਦੇ ਪਹਿਲੇ ਦਿਨ ਅੱਜ ਨਾਟਕ ‘ਵਾਪਸੀ’ ਦਾ ਮੰਚਨ ਕੀਤਾ ਗਿਆ। ਇਹ ਸਮਾਗਮ ਦਸ ਦਿਨ ਚੱਲੇਗਾ। ਇਹ ਨਾਟਕ ਡਾ. ਅਮਰਜੀਤ ਗਰੇਵਾਲ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਤ ਕੀਤਾ ਗਿਆ। ਇਸ ਦਾ ਮੰਚਨ ਵਿਰਸਾ ਵਿਹਾਰ ਕੇਂਦਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।
ਇਸ ਨਾਟਕ ਲਈ ਗੀਤ ਪਦਮ ਸ੍ਰੀ ਸੁਰਜੀਤ ਪਾਤਰ ਨੇ ਲਿਖੇ ਹਨ। ‘ਵਾਪਸੀ’ ਨਾਟਕ ਜੰਗ ਦੇ ਖ਼ਿਲਾਫ਼ ਮਨੁੱਖੀ ਸੰਵੇਦਨਾ ਦੀ ਕਹਾਣੀ ਹੈ। ਨਾਟਕ ਵਿੱਚ ਇੱਕ ਫ਼ੌਜੀ ਸਿਪਾਹੀ ਆਪਣੇ ਜ਼ਖ਼ਮੀ ਅਫ਼ਸਰ ਨੂੰ ਦੁਸ਼ਮਣਾਂ ਦੇ ਘੇਰੇ ’ਚੋਂ ਬਚਾਅ ਕੇ ਜੰਗਲ ਰਾਹੀਂ ਵਾਪਸ ਘਰ ਵੱਲ ਆ ਰਿਹਾ ਹੈ। ਜੰਗ ਦੋ ਮੁਲਕਾਂ ਵਿੱਚ ਮਨੁੱਖਤਾ ਦਾ ਕਿਵੇਂ ਘਾਣ ਕਰਦੀ ਹੈ, ਉਸ ਤਰਾਸਦੀ ਨੂੰ ਸਿਪਾਹੀ ਬਹੁਤ ਹੀ ਮਾਰਮਿਕ ਤਰੀਕੇ ਨਾਲ ਬਿਆਨ ਕਰਦਾ ਹੈ। ਸਿਪਾਹੀ ਦੀ ਭੂਮਿਕਾ ਵਿੱਚ ਅਦਾਕਾਰ ਅਮਨ ਸ਼ੇਰ ਸਿੰਘ ਨੇ ਚੰਗੀ ਅਦਾਕਾਰੀ ਕੀਤੀ। ਜ਼ਖ਼ਮੀ ਅਫ਼ਸਰ ਦੇ ਰੂਪ ਵਿੱਚ ਗੋਬਿੰਦ ਕੁਮਾਰ ਨੇ ਵੀ ਸਾਥ ਦਿੱਤਾ। ਨਾਟਕ ਵਿੱਚ ਗਾਇਕ ਕੁਸ਼ਾਗਰ ਕਾਲੀਆ ਨੇ ਗੀਤ ਗਾਏ ਹਨ ਅਤੇ ਪਿਠਵਰਤੀ ਸੰਗੀਤ ਹਰਿੰਦਰ ਸੋਹਲ ਨੇ ਤਿਆਰ ਕੀਤਾ , ਜਦੋਂਕਿ ਸੰਗੀਤ ਨੂੰ ਸਾਜਨ ਕੋਹਿਨੂਰ ਨੇ ਪੇਸ਼ ਕੀਤਾ।
ਇਸ ਨਾਟਕ ਨੂੰ ਦੇਖਣ ਲਈ ਮੁੱਖ ਮਹਿਮਾਨ ਵਜੋਂ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਗਾਇਕ ਹਰਿੰਦਰ ਸੋਹਲ ਆਦਿ ਨਾਟ ਪ੍ਰੇਮੀ ਹਾਜ਼ਰ ਸਨ।