ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਗਸਤ
ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ ਵੱਲੋਂ ਛੇਵੇਂ ਤਨਖਾਹ-ਕਮਿਸ਼ਨ ਦੀਆਂ ਖਿਲਾਫ਼ ਅਜ ਤਿੰਨ ਦਿਨਾਂ ਰੋਸ ਧਰਨਾ ਦਿੱਤਾ ਗਿਆ ਜੋ 20 ਅਗਸਤ ਤੱਕ ਜਾਰੀ ਰਹੇਗਾ। ਇਸ ਦੌਰਾਨ ਸਾਰਾ ਕੰਮ ਠੱਪ ਰੱਖਿਆ ਗਿਆ। ਕੌਂਸਲ ਵੱਲੋਂ ਪੰਜਾਬ ਭਰ ਵਿੱਚ 18 ,19 ਅਤੇ 20 ਅਗਸਤ ਨੂੰ ਮੁਕੰਮਲ ਪੈੱਨ ਡਾਊਨ, ਟੂਲ ਡਾਊਨ ਕਰਕੇ ਜ਼ੋਨ ਪੱਧਰ ’ਤੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕੌਂਸਲ ਦੇ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਜਨੀਅਰਿੰਗ ਵਰਗ ਨਾਲ ਛੇਵੇਂ ਪੇਅ-ਕਮਿਸ਼ਨ ਵਿੱਚ ਵਡੀ ਬੇ-ਇਨਸਾਫੀ ਕੀਤੀ ਹੈ ਜਿਸ ਵਿੱਚ ਪੈਟਰੋਲ ਭੱਤਾ ਖੋਹ ਲਿਆ ਗਿਆ ਹੈ ਅਤੇ ਸਬ ਕਮੇਟੀ ਵਿੱਚ ਮੰਨੇ ਹੋਏ 15ਫੀਸਦੀ ਵਾਧੇ ਤੋਂ ਵੀ ਮੁਨਕਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰੋਸ ਵਿਖਾਵਾ 19 ਅਤੇ 20 ਅਗਸਤ ਤੱਕ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਇੰਜਨੀਅਰਜ ਅਸ਼ਵਨੀ ਕੁਮਾਰ, ਜਤਿੰਨ ਸ਼ਰਮਾ, ਸੁਲੱਖਣ ਸਿੰਘ, ਜਗਵੰਤ ਸਿੰਘ, ਉਂਕਾਰ ਸਿੰਘ, ਅਮਰਜੀਤ ਸਿੰਘ, ਨਿਖਿਲ ਸ਼ਰਮਾ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਰਘਬੀਰ ਸਿੰਘ,ਦਰਸ਼ਨ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ ।
ਪਠਾਨਕੋਟ(ਐੱਨਪੀ ਧਵਨ):ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਇੰਜਨੀਅਰਾਂ ਨਾਲ ਹੋਏ ਧੱਕੇ ਖਿਲਾਫ਼ ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਨੇ ਅੱਜ ਤੋਂ 3 ਰੋਜ਼ਾ ਟੂਲ ਡਾਊਨ ਹੜਤਾਲ ਸ਼ੁਰੂ ਕਰਕੇ ਪਠਾਨਕੋਟ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਧਰਨਾ ਦਿੱਤਾ ਹੈ। ਇਸ ਧਰਨੇ ਵਿੱਚ ਪਠਾਨਕੋਟ, ਗੁਰਦਾਸਪੁਰ, ਬਟਾਲਾ ਅਤੇ ਰਣਜੀਤ ਸਾਗਰ ਡੈਮ ਵਿੱਚ ਵੱਖ-ਵੱਖ ਵਿਭਾਗਾਂ ਅੰਦਰ ਕੰਮ ਕਰ ਰਹੇ ਜੇਈਜ਼, ਏਈਜ਼ ਤੇ ਪਦਉਨਤ ਹੋਏ ਉਪ ਮੰਡਲ ਇੰਜਨੀਅਰਾਂ ਨੇ ਭਾਗ ਲਿਆ।
ਇੰਜਨੀਅਰਾਂ ਵਿੱਚ ਇਸ ਰਿਪੋਰਟ ਨੂੰ ਲੈ ਕੇ ਭਾਰੀ ਰੋਸ ਸੀ। ਧਰਨੇ ਨੂੰ ਜੋਨਲ ਕਨਵੀਨਰ ਰਾਜ ਕੁਮਾਰ ਸ਼ਰਮਾ, ਨਰੇਸ਼ ਸ਼ਰਮਾ, ਲਖਵਿੰਦਰ ਸਿੰਘ ਭੌਰ, ਹਰਵਿੰਦਰ ਸਿੰਘ ਖਾਲਸਾ, ਪ੍ਰੀਤਮ ਸਿੰਘ, ਹਰੀਸ਼ ਕੁਮਾਰ, ਦਸ਼ਰਥ ਜਾਖੜ, ਅਸ਼ੋਕ ਵਰਮਾ, ਗੁਰਮੁਖ ਸਿੰਘ, ਹਰਜੀਤ ਸਿੰਘ, ਦਿਨੇਸ਼ ਲੌਂਗੀਆ, ਪ੍ਰਦੀਪ ਕੁਮਾਰ, ਨਿਤਿਨ ਧੀਮਾਨ, ਸੰਜੀਵ ਸੈਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਇੰਜਨੀਅਰਾਂ ਨੇ ਪੁਰਾਣੀ ਪੈਨਸ਼ਨ ਸਕੀਮ ਤੇ ਹੋਰ ਮੰਗਾਂ ਪੂਰੀਆਂ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਕੌਂਸਲ ਆਫ ਡਿਪਲੋਮਾ ਇੰਜਨੀਅਰਜ਼ ਦੇ ਸੂਬਾਈ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਦੀ ਅਗਵਾਈ ਵਿੱਚ 8 ਸਤੰਬਰ ਨੂੰ ਪਟਿਆਲਾ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।