ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਮਈ
ਛੇਹਰਟਾ ਨੇੜੇ ਪਿੰਡ ਵਡਾਲੀ ਦੇ ਇੱਕ ਘਰ ਵਿੱਚ ਅੱਜ ਇਕ ਇਲੈਕਟ੍ਰਿਕ ਦੋ ਪਹੀਆ ਵਾਹਨ ਦੀ ਚਾਰਜਿੰਗ ਕਰਦੇ ਵੇਲੇ ਅੱਗ ਲੱਗਣ ਨਾਲ ਨਾ ਸਿਰਫ ਵਾਹਨ ਸਗੋਂ ਘਰ ਦਾ ਹੋਰ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਹੈ। ਇਹ ਦੋ ਪਹੀਆ ਵਾਹਨ ਪੁਤਲੀਘਰ ਨੇੜਿਉਂ ਇੱਕ ਕੰਪਨੀ ਕੋਲੋਂ ਖਰੀਦਿਆ ਗਿਆ ਸੀ, ਜਿਸ ਨੂੰ ਅੱਜ ਸਵੇਰੇ ਚਾਰਜ ਕਰਨ ਲਈ ਬਿਜਲੀ ਦੇ ਪਲੱਗ ਨਾਲ ਜੋੜਿਆ ਗਿਆ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਅੰਬੇਦਕਰ ਸੇਵਾ ਸੰਮਤੀ ਦੇ ਡਾ ਜਸਵੰਤ ਸਿੰਘ ਨੇ ਦੱਸਿਆ ਕਿ ਇਹ ਘਰ ਦਲਜੀਤ ਸਿੰਘ ਦਾ ਹੈ ਅਤੇ ਉਸ ਦੇ ਬੇਟੇ ਮਨਪ੍ਰੀਤ ਸਿੰਘ ਵਲੋਂ ਇਹ ਦੋ ਪਹੀਆ ਵਾਹਨ ਖਰੀਦਿਆ ਗਿਆ ਸੀ, ਜਿਸ ਨੂੰ ਉਹ ਅੱਜ ਸਵੇਰੇ ਬਿਜਲੀ ਉਪਕਰਨ ਰਾਹੀਂ ਚਾਰਜ ਕਰ ਰਿਹਾ ਸੀ ਪਰ ਅਚਨਚੇਤੀ ਧਮਾਕਾ ਹੋਇਆ ਅਤੇ ਅੱਗ ਲੱਗ ਗਈ।
ਅੱਗ ਲੱਗਣ ਨਾਲ ਨਾ ਸਿਰਫ ਇਹ ਇਲੈਕਟ੍ਰਿਕ ਸਕੂਟਰ ਸਗੋਂ ਘਰ ਦਾ ਹੋਰ ਕੀਮਤੀ ਸਮਾਨ ਸੜ ਗਿਆ ਹੈ ਅਤੇ ਛੱਤ ਵੀ ਨੁਕਸਾਨੀ ਗਈ ਹੈ। ਉਸ ਨੇ ਜਥੇਬੰਦੀ ਵੱਲੋਂ ਸਬੰਧਤ ਕੰਪਨੀ ਕੋਲੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨ ਸਮੇਤ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਨਹੀਂ ਤਾਂ ਮੁਆਵਜ਼ਾ ਲੈਣ ਲਈ ਅਦਾਲਤ ਅਤੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਕੁਝ ਸਮਾਂ ਪਹਿਲਾਂ ਹੀ ਇਹ ਇਲੈਕਟ੍ਰਿਕ ਸਕੂਟਰ ਖਰੀਦਿਆ ਸੀ।