ਪੱਤਰ ਪ੍ਰੇਰਕ
ਅੰਮ੍ਰਿਤਸਰ, 23 ਅਕਤੂਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 (ਜੈ ਸਿੰਘ ਵਾਲਾ) ਤੇ ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਵੱਲੋਂ ਅੱਜ ਸੂਬਾਈ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਡੀ.ਐੱਮ.ਐੱਫ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਨਛੱਤਰ ਸਿੰਘ ਤਰਨਤਾਰਨ, ਹਰਵਿੰਦਰ ਅੱਲੂਵਾਲ, ਅਰਚਨਾ ਸ਼ਰਮਾ, ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦੀ ਬਸੰਤ ਐਵੀਨਿਊ ਰਿਹਾਇਸ਼ ਵੱਲ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ। ਡਾ. ਨਿੱਝਰ ਨੇ ਆ ਕੇ ਸੰਘਰਸ਼ੀ ਅਧਿਆਪਕਾਂ ਤੋਂ ਇਹ ਪੱਤਰ ਪ੍ਰਾਪਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਮਸਲਾ ਹੱਲ ਕਰਾਇਆ ਜਾਵੇਗਾ।
ਯੂਨੀਅਨ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕ ਜਥੇਬੰਦੀਆਂ ਨੂੰ ਦਿੱਤੀਆਂ ਧਮਕੀਆਂ ਦਾ ਜਵਾਬ ਜ਼ਮਹੂਰੀ ਢੰਗ ਨਾਲ ਰੋਸ ਪ੍ਰਗਟਾਅ ਕੇ ਦਿੱਤਾ। ਇਸ ਮੌਕੇ 6 ਨਵੰਬਰ ਨੂੰ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਬੈਂਸ ਦੀ ਅਨੰਦਪੁਰ ਸਾਹਿਬ ਰਿਹਾਇਸ਼ ਘੇਰਨ ਸਬੰਧੀ ਪੱਤਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸੌਂਪਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ 12 ਅਕਤੂਬਰ ਨੂੰ ਚੰਡੀਗੜ੍ਹ ’ਚ ਅਧਿਆਪਕਾਂ ਤੇ ਸਿੱਖਿਆ ਵਿਭਾਗ ਦੇ ਭਖਦੇ ਮਸਲਿਆ ਸਬੰਧੀ ਵਿਚਾਰ ਚਰਚਾ ਕਰਕੇ ਢੁੱਕਵਾਂ ਹੱਲ ਕੱਢਣ ਲਈ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਅਧਿਆਪਕ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ ਸਗੋਂ ਅਧਿਆਪਕ ਜਥੇਬੰਦੀਆਂ ਨੂੰ ਸੰਘਰਸ਼ ਕਰਨ ’ਤੇ ਕੋਈ ਗੱਲ ਨਾ ਸੁਣਨ ਦੀ ਧਮਕੀ ਦਿੱਤੀ ਗਈ, ਜਿਸ ਦਾ ਡੀ.ਟੀ.ਐੱਫ ਪੰਜਾਬ ਨੇ ਕਰੜਾ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਪਿਛਲੇ ਸਮੇਂ ’ਚ ਵਿਭਾਗੀ ਨਿਯਮਾਂ ਅਨੁਸਾਰ ਸੇਵਾਵਾਂ ਨਿਯਮਿਤ ਕੀਤੀਆਂ ਗਈਆਂ ਸਨ, ਪਰ ਯੂ.ਜੀ.ਸੀ ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਓ.ਡੀ.ਐੱਲ ਅਧਿਆਪਕਾਂ ਦੀਆਂ ਸੇਵਾਵਾਂ ਅਜੇ ਤੱਕ ਨਿਯਮਤ ਨਹੀਂ ਕੀਤੀਆਂ ਗਈਆਂ, ਜੋ ਕਿ ਅਧਿਆਪਕਾਂ ਨਾਲ ਘੋਰ ਬੇਇਨਸਾਫ਼ੀ ਤੇ ਉਨ੍ਹਾਂ ਦਾ ਸ਼ੋਸ਼ਣ ਹੈ। ਜਥੇਬੰਦੀ ਨੇ ਐਲਾਨ ਕੀਤਾ ਕੀ ਇਨ੍ਹਾਂ ਮੰਗਾਂ ਦੀ ਪੂਰਤੀ ਹੋਣ ਤਕ ਸੰਘਰਸ਼ ਜਾਰੀ ਰਹੇਗਾ ਅਤੇ ਭਵਿੱਖ ਵਿੱਚ ਵੱਡੀ ਗਿਣਤੀ ਵਿੱਚ ਲਾਮਬੰਦੀ ਕਰ ਕੇ ਤਿੱਖੇ ਸੰਘਰਸ਼ ਕੀਤੇ ਜਾਣਗੇ।