ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 17 ਜੁਲਾਈ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ 20 ਗ੍ਰਾਮ ਹੈਰੋਇਨ, 40 ਗ੍ਰਾਮ ਅਫ਼ੀਮ, 820 ਨਸ਼ੀਲੀਆਂ ਗੋਲੀਆਂ, 1 ਪਿਸਤੌਲ (32 ਬੋਰ), 5 ਰੌਂਦ, 3 ਐਕਟਿਵਾ ਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਐਂਟੀ-ਨਾਰਕੋਟਿਕ ਸੈੱਲ ਅੰਮ੍ਰਿਤਸਰ ਸਿਟੀ ਵੱਲੋਂ 20 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਮੰਗਲ ਸਿੰਘ ਉਰਫ ਮੰਗਾ ਅਤੇ ਥਾਣਾ ਵੇਰਕਾ ਦੀ ਚੌਕੀ ਮਿਲਕ ਪਲਾਂਟ ਵੇਰਕਾ ਵੱਲੋਂ 40 ਗ੍ਰਾਮ ਅਫੀਮ, 1 ਮੋਟਰਸਾਈਕਲ ਸਮੇਤ 2 ਮੁਲਜ਼ਮਾਂ ਯੁਵਰਾਜ ਸਿੰਘ ਉਰਫ ਗੱਜੂ ਅਤੇ ਅਸ਼ੋਕ ਕੁਮਾਰ ਨੂੰ ਕਾਬੂ ਕੀਤਾ ਗਿਆ ਹੈ।
ਥਾਣਾ ਕੈਨਟੋਨਮੈਂਟ ਦੀ ਚੌਕੀ ਗੁੰਮਟਾਲਾ ਨੇ 380 ਨਸ਼ੀਲੀਆਂ ਗੋਲੀਆਂ ਸਮੇਤ ਹਰੀਸ਼ ਸਰੀਨ ਤੇ ਥਾਣਾ ਸਦਰ ਦੀ ਚੌਕੀ ਮਾਈ ਭਾਗੋ ਕਾਲਜ ਨੇ 300 ਨਸ਼ੀਲੀਆਂ ਗੋਲੀਆਂ ਸਮੇਤ ਮਨਪ੍ਰੀਤ ਸਿੰਘ ਉਰਫ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਈ-ਡਿਵੀਜ਼ਨ ਵੱਲੋਂ 140 ਨਸ਼ੀਲੀਆਂ ਗੋਲੀਆਂ ਸਮੇਤ ਕਰਨ ਸਿੰਘ ਅਤੇ ਥਾਣਾ ਕੈਨਟੋਨਮੈਂਟ ਦੀ ਚੌਕੀ ਗਵਾਲ ਮੰਡੀ ਵੱਲੋਂ ਰਿਮਾਂਡ ਦੌਰਾਨ ਅਰਸ਼ਦੀਪ ਸਿੰਘ ਉਰਫ ਫੌਜੀ ਪਾਸੋਂ 1 ਪਿਸਤੌਲ (32 ਬੋਰ) ਤੇ 5 ਰੌਂਦ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਕਥਿਤ ਦੋਸ਼ੀ ਪਾਸੋਂ ਪਹਿਲਾਂ 280 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਸੀ ਅਤੇ ਇਸ ਖਿਲਾਫ਼ ਪਹਿਲਾਂ ਵੀ ਚਾਰ ਕੇਸ ਦਰਜ ਹਨ।
ਉੱਧਰ, ਥਾਣਾ ਈ-ਡਿਵੀਜ਼ਨ ਦੀ ਚੌਕੀ ਗਲਿਆਰਾ ਵੱਲੋਂ 2 ਐਕਟਿਵਾ ਸਮੇਤ 3 ਮੁਲਜ਼ਮਾਂ ਹਰਜੀਤ ਸਿੰਘ, ਬਲਬੀਰ ਸਿੰਘ ਉਰਫ ਗੂੰਗਾ ਅਤੇ ਤੁਸ਼ਾਰ ਕੁਮਾਰ ਉਰਫ ਬੱਬੂ ਨੂੰ ਕਾਬੂ ਕੀਤਾ ਗਿਆ ਹੈ। ਇਸੇ ਦੌਰਾਨ ਥਾਣਾ ਸੀ-ਡਿਵੀਜ਼ਨ ਨੇ 1 ਐਕਟਿਵਾ ਸਮੇਤ ਵਰਿੰਦਰ ਸਿੰਘ ਵਾਸੀ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ ਹੈ।