ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਕਤੂਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ, ਜੋ ਸਾਬਕਾ ਵਿਧਾਇਕਾ ਹਨ, ਨੇ ਮੁੜ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਉਹ ਅੱਜ ਇੱਥੇ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਬਿਜਲੀ ਬਿੱਲਾਂ ਦੀ ਮੁਆਫੀ ਸਬੰਧੀ ਕੈਂਪ ਲਾਉਣ ਪੁੱਜੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਪਣੇ ਇਸ ਹਲਕੇ ਤੋਂ ਮੁੜ ਚੋਣ ਲੜਨ ਲਈ ਇੱਛੁਕ ਹਨ ਪਰ ਇਸ ਦਾ ਫ਼ੈਸਲਾ ਨਵਜੋਤ ਸਿੰਘ ਸਿੱਧੂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਪਿਛਲੀ ਵਾਰ ਵੀ ਚੋਣ ਲੜਨ ਤੋਂ ਰੋਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲਾਂ ਇੱਥੋਂ ਵਿਧਾਇਕ ਸਨ ਤਾਂ ਉਨ੍ਹਾਂ ਹਲਕੇ ਵਿਚ ਲਗਪਗ 100 ਕਰੋੜ ਰੁਪਏ ਦੇ ਕੰਮ ਕਰਵਾਏ ਸਨ। ਉਨ੍ਹਾਂ ਮੁੜ ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫੀਮ ਦੀਆਂ 25 ਅਜਿਹੀਆਂ ਕਿਸਮਾਂ ਹਨ, ਜਿਨ੍ਹਾਂ ਨੂੰ ਨਸ਼ੇ ਲਈ ਨਹੀਂ ਵਰਤਿਆ ਜਾਂਦਾ ਸਗੋਂ ਇਨ੍ਹਾਂ ਦੀ ਵਰਤੋਂ ਦਵਾਈਆਂ ਲਈ ਕੀਤੀ ਜਾਂਦੀ ਹੈ।
ਚੰਨੀ ਤੇ ਰਾਜਾ ਵੜਿੰਗ ਦੀ ਕਾਰਵਾਈ ਨੂੰ ਸਰਾਹਿਆ
ਡਾ. ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਮ ਕਰਨ ਦੇ ਤਰੀਕੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਅਜਿਹੇ ਆਗੂਆਂ ਦੀ ਲੋੜ ਹੈ, ਜੋ ਸਿਆਸਤ ਨੂੰ ਸੇਵਾ ਸਮਝ ਕੇ ਕੰਮ ਕਰਨ। ਸਮਾਂ ਘੱਟ ਹੈ ਪਰ ਇਸ ਦੇ ਬਾਵਜੂਦ ਸਾਰੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ।