ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਅਗਸਤ
ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਵਲੋਂ ਲੇਖਕਾਂ ਸੰਗ ਸੰਵਾਦ ਸਮਾਗਮਾਂ ਦੀ ਲੜੀ ਤਹਿਤ ਸਿਹਤ ਮਾਹਿਰ ਅਤੇ ਸਾਹਿਤਕਾਰ ਡਾ. ਮਨਜੀਤ ਸਿੰਘ ਬੱਲ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ।
ਇਸ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਡਾ. ਬਲ ਆਪਣੇ ਕਿੱਤੇ ਦੇ ਰੁਝੇਵਿਆਂ ਦੇ ਬਾਵਜੂਦ ਅਗਾਂਹਵਧੂ ਸਾਹਿਤ ਪੜ੍ਹਦੇ ਅਤੇ ਲਿਖਦੇ ਹਨ। ਇਸੇ ਲਈ ਉਹਨਾਂ ਦੀਆਂ ਸਾਹਿਤਕ ਸਰਗਰਮੀਆਂ ਦਾ ਘੇਰਾ ਵਿਸ਼ਾਲ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਲੇਖਕ ਨਾਲ ਉਨ੍ਹਾਂ ਦੀ ਦਹਾਕਿਆਂ ਪੁਰਾਣੀ ਅਦਬੀ ਸਾਂਝ ਹੈ। ਉਨ੍ਹਾਂ ਕੋਲ ਸਾਹਿਤਕ ਅਨੁਭਵ ਕਮਾਲ ਦਾ ਹੈ। ਡਾ. ਮੋਹਨ ਬੇਗੋਵਾਲ ਅਤੇ ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਕਿਹਾ ਕਿ ਡਾ. ਬੱਲ ਕੋਲ ਆਪਣੇ ਕਿੱਤੇ ਦੀ ਮੁਹਾਰਤ ਦੇ ਨਾਲ ਨਾਲ ਸਮਾਜਿਕ ਸਮੱਸਿਆਵਾਂ ’ਤੇ ਵੀ ਡੂੰਘੀ ਪਕੜ ਹੈ। ਇਸ ਮੌਕੇ ਗਜ਼ਲਗੋ ਜਸਵੰਤ ਧਾਪ, ਬਲਜਿੰਦਰ ਮਾਂਗਟ, ਅਜੀਤ ਸਿੰਘ ਨਬੀਪੁਰੀ, ਰੁਪਿੰਦਰ ਕੌਰ, ਮੁਕੇਸ਼ ਅਰੋੜਾ, ਆਰਕੀਟੈਕਟ ਸਤਵਿੰਦਰ ਸਿੰਘ, ਜੱਸਪਾਲ ਬਲ, ਮਨਜਿੰਦਰ ਸਿੰਘ ਅਤੇ ਗਾਇਕ ਜੋਰਾ ਬਲ ਨੇ ਆਪਣੀਆ ਰਚਨਾਵਾਂ ਨਾਲ ਕਾਵਿਕ ਰੰਗ ਬਿਖੇਰਿਆ।