ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਦਸੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਤਕਨਾਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਅੰਮ੍ਰਿਤਪਾਲ ਕੌਰ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ (ਐੱਸਈਆਰਬੀ) ਨਵੀਂ ਦਿੱਲੀ ਵੱਲੋਂ ਖੋਜ ਲਈ ਵਿਗਿਆਨ ਅਤੇ ਟੈਕਨਾਲੋਜੀ ਪੁਰਸਕਾਰ (ਸਟਾਰ) ਨਾਲ ਸਨਮਾਨਿਤ ਕੀਤਾ ਗਿਆ। ਇਸ ਤਹਿਤ ਉਨ੍ਹਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਫੈਲੋਸ਼ਿਪ ਅਤੇ ਤਿੰਨ ਸਾਲਾਂ ਲਈ 10 ਲੱਖ ਰੁਪਏ ਪ੍ਰਤੀ ਸਾਲ ਰਿਸਰਚ ਗ੍ਰਾਂਟ ਮਿਲੇਗੀ। ਡਾ. ਕੌਰ ਨੇ ਪਿਛਲੇ 10 ਸਾਲਾਂ ਵਿੱਚ ਫੂਡ ਸਾਇੰਸ ਐਂਡ ਟੈਕਨਾਲੋਜੀ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ 115 ਖੋਜ ਪੱਤਰਾਂ ਨੂੰ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕਰਵਾਇਆ ਹੈ। ਉਨ੍ਹਾਂ ਦੇ ਪ੍ਰਕਾਸ਼ਨਾਂ ਦਾ ਐੱਚ-ਇੰਡੈਕਸ 38 ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੈਕਗਿਲ ਯੂਨੀਵਰਸਿਟੀ, ਕੈਨੇਡਾ ਦੇ ਸਹਿਯੋਗ ਨਾਲ ਸ਼ਾਸਤਰੀ ਸੰਸਥਾਗਤ ਸਹਿਯੋਗ ਖੋਜ ਗ੍ਰਾਂਟ (ਐੱਸਆਈਸੀਆਰਜੀ) ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।