ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 1 ਨਵੰਬਰ
ਪਿੰਡ ਸੁਲਤਾਨਵਿੰਡ ਸਥਿਤ ਗੁਰਦੁਆਰਾ ਅਟਾਰੀ ਸਾਹਿਬ ਪਾਤਸ਼ਾਹੀ 6ਵੀਂ ਦੀ 21 ਮੈਂਬਰੀ ਕਮੇਟੀ ਵਲੋਂ ਇਨਸਾਫ ਮੋਰਚੇ ਦੇ ਸੇਵਾਦਾਰਾਂ ਉਪਰ ਕੀਤੇ ਗਏ ਨਾਜਾਇਜ਼ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਗੁਰਦੁਆਰਾ ਅਟਾਰੀ ਸਾਹਿਬ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਨੰਬਰਦਾਰ ਇੰਦਰਜੀਤ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ, ਜਗਜੀਤ ਸਿੰਘ, ਸੋਨੂ ਮਾਹਲ, ਸੁਖਵਿੰਦਰ ਸਿੰਘ, ਜਸਬੀਰ ਸਿੰਘ, ਮਨਜੀਤ ਸਿੰਘ, ਜੁਗਰਾਜ ਸਿੰਘ, ਭੁਪਿੰਦਰ ਸਿੰਘ ਫੌਜੀ, ਸੁਪਿੰੰਦਰ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦਫਤਰ ਸਾਹਮਣੇ 328 ਪਾਵਨ ਸਰੂਪਾਂ ਦੇ ਮਾਮਲੇ ’ਚ ਲੱਗੇ ਇਨਸਾਫ ਮੋਰਚੇ ਉਪਰ ਕਿਰਪਾਨਾਂ ਤੇ ਡਾਂਗਾਂ ਨਾਲ ਜਾਨਲੇਵਾ ਹਮਲਾ ਕਰਕੇ ਮੋਰਚੇ ਵਿੱਚ ਸ਼ਾਮਲ ਬੱਚਿਆਂ, ਬੀਬੀਆਂ ਅਤੇ ਸੇਵਾਦਾਰਾਂ ਨੂੰ ਬੁਰੀ ਤਰ੍ਹਾਂ ਫੱਟੜ ਕੀਤਾ ਗਿਆ ਅਤੇ ਮੋਰਚੇ ਦੇ ਸੇਵਾਦਾਰਾਂ ਉਪਰ ਹੀ 307 ਵਰਗੀਆਂ ਧਾਰਾਵਾਂ ਲਗਵਾ ਕੇ ਪਰਚੇ ਦਰਜ ਕਰਵਾ ਦਿੱਤੇ ਗਏ ਅਤੇ ਮੋਰਚੇ ਨੂੰ ਧੱਕੇ ਨਾਲ ਚੁੱਕਵਾ ਦਿੱਤਾ ਗਿਆ। ਉਨ੍ਹਾਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਉਕਤ ਦੋਸ਼ੀਆਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੋਰਚੇ ਦੇ ਸੇਵਾਦਾਰਾਂ ਉਪਰ ਕੀਤੇ ਗਏ ਨਜਾਇਜ਼ ਪਰਚੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸੰਗਤਾਂ ਉਪਰ ਕੀਤੇ ਗਏ ਜ਼ੁਲਮ ਬਾਰੇ ਇਨਸਾਫ ਨਾ ਮਿਲਿਆ ਤਾਂ ਸੰਗਤਾਂ ਨੂੰ ਮਜਬੂਰਨ ਸੜਕਾਂ ’ਤੇ ਉਤਰਨਾ ਪਵੇਗਾ।