ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 27 ਮਈ
‘ਅੰਮ੍ਰਿਤਸਰ ਵਿਕਾਸ ਮੰਚ’ ਦੇ ਆਗੂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਮੰਚ ਦੇ ਸਰਪ੍ਰਸਤ ਮਨਮੋਹਣ ਸਿੰਘ ਬਰਾੜ ਨੇ ਕਿਹਾ ਹੈ ਕਿ ਮੁਹਾਲੀ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਆਦਿ ਦੇਸ਼ਾਂ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਬਜਾਇ ਅੰਮ੍ਰਿਤਸਰ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਹਵਾਈ ਮਾਮਲਿਆਂ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਮੀਟਿੰਗ ਕੀਤੀ ਸੀ। ਮੰਚ ਦੇ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡਾ ਕੌਮਾਂਤਰੀ ਹਵਾਈ ਉਡਾਣਾਂ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। 1200 ਏਕੜ ਦੇ ਵਿਸ਼ਾਲ ਰਕਬੇ ਵਿੱਚ ਉਸਾਰੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਇੱਕੋ ਸਮੇਂ 24 ਵੱਡੇ ਹਵਾਈ ਜਹਾਜ਼ ਉਤਰ ਸਕਦੇ ਹਨ।
ਸ੍ਰੀ ਬਰਾੜ ਨੇ ਕਿਹਾ ਕਿ ਪੰਜਾਬੀ ਮੂਲ ਦੇ ਕੈਨੇਡੀਅਨ ਮੋਹਿਤ ਧੰਜੂ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਅੰਮ੍ਰਿਤਸਰ-ਟੋਰਾਂਟੋ ਅਤੇ ਅੰਮ੍ਰਿਤਸਰ-ਵੈਨਕੂਵਰ ਸਿੱਧੀਆਂ ਹਵਾਈ ਉਡਾਣਾ ਸ਼ੁਰੂ ਕਰਨ ਲਈ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਹੱਕ ਵਿੱਚ ਵੀਹ ਹਜ਼ਾਰ ਤੋਂ ਵੱਧ ਪੰਜਾਬੀ ਮੂਲ ਦੇ ਸ਼ਹਿਰੀਆਂ ਨੇ ਦਸਤਖ਼ਤ ਕੀਤੇ ਸਨ। ਵਰਨਣਯੋਗ ਹੈ ਕਿ ਮੁਹਾਲੀ ਹਵਾਈ ਅੱਡੇ ਵਿੱਚ ਪੰਜਾਬ ਦਾ ਸਿਰਫ਼ 24.5 ਫ਼ੀਸਦੀ ਹਿੱਸਾ ਹੈ ਜਦੋਂਕਿ ਹਰਿਆਣੇ ਦਾ 24.5 ਫ਼ੀਸਦੀ ਅਤੇ ਕੇਂਦਰੀ ਸਰਕਾਰ ਦਾਂ 51 ਫ਼ੀਸਦੀ ਹਿੱਸਾ ਹੈ। ਦੂਜੇ ਪਾਸੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਪੂਰੇ ਦਾ ਪੂਰਾ ਪੰਜਾਬ ਦਾ ਹੈ, ਜੋ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ’ਤੇ ਹੈ।