ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 16 ਮਈ
ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਅਧੀਨ ਵਿਧਾਨ ਸਭਾ ਹਲਕਾ ਉਤਰੀ ਅਤੇ ਪੂਰਬੀ ਦੇ ਵਾਰਡਾਂ ਦੇ ਅਧੀਨ ਆਉਦੇ 203 ਯੋਗ ਲਾਭਪਾਤਰੀਆਂ ਨੂੰ ਆਪਣੇ ਨਵੇਂ ਮਕਾਨ ਬਣਾਉਣ ਜਾਂ ਮਕਾਨਾਂ ਦੀ ਉਸਾਰੀ ਵਿੱਚ ਵਾਧੇ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਕਿਸ਼ਤ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਸਬੰਧੀ ਪੱਤਰ ਦਿੱਤੇ ਗਏ। ਇਹ ਵਿੱਤੀ ਸਹਾਇਤਾ ਉਨ੍ਹਾਂ ਗਰੀਬ ਪਰਿਵਾਰਾਂ ਲਈ ਹੈ, ਜਿਨ੍ਹਾਂ ਕੋਲ ਆਪਣਾ ਘਰ ਬਣਾਉਣ ਵਾਸਤੇ ਕੋਈ ਵਸੀਲਾ ਨਹੀਂ ਹੈ ਜਾਂ ਜਿਨ੍ਹਾਂ ਦੀਆਂ ਪੁਰਾਣੇ ਬਾਲਿਆਂ ਦੀਆਂ ਛੱਤਾਂ ਹਨ। ਸਰਕਾਰ ਦੀ ਇਸ ਯੋਜਨਾ ਤਹਿਤ ਮੇਅਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਜ ਦੇ ਇਸ ਸਮਾਗਮ ਵਿੱਚ ਲਗਭਗ 77.40 ਲੱਖ ਰੁਪਏ ਦੀ ਰਾਸ਼ੀ ਦੀ ਗਰਾਂਟ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜਣ ਦੇ ਪੱਤਰ ਸੌਂਪੇ ਗਏ। ਇਸ ਤਰ੍ਹਾਂ ਹੁਣ ਤੱਕ ਕੁੱਲ ਮਿਲਾ ਕੇ ਲੱਗਭਗ 6.90 ਕਰੋੜ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਵੰਡੀ ਜਾ ਚੁੱਕੀ ਹੈ।
ਮੇਅਰ ਰਿੰਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਜੋ ਚੋਣ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਮੁਤਾਬਿਕ ਹਰ ਇੱਕ ਲੋਕ ਹਿੱਤਕਾਰੀ ਯੋਜਨਾਵਾਂ ਅਧੀਨ ਆਉਂਦੇ ਸਾਰੇ ਲਾਭ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਇਸੇ ਤਹਿਤ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 203 ਲੋੜਵੰਦ ਪਰਿਵਾਰਾਂ ਨੂੰ ਆਪਣੇ ਮਕਾਨ ਪੱਕੇ ਬਣਾਉਣ ਅਤੇ ਕੱਚੀਆਂ ਛੱਤਾਂ ਪੱਕੀਆਂ ਕਰਨ ਲਈ 77.40 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਪੱਤਰ ਸੌਂਪੇ ਗਏ ਹਨ, ਜਿਸ ਦੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਪਹੁੰਚ ਜਾਵੇਗੀ।