ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਜੂਨ
ਇਥੋਂ ਦੇ ਰਣਜੀਤ ਐਵੇਨਿਊ ਦੇ ਪਾਇਟਿਕਸ ਮੈਦਾਨ ਵਿਚ ਭਲਕੇ 30 ਜੂਨ ਤੋਂ 10 ਜੁਲਾਈ ਤਕ ਕਰਾਫਟ ਬਾਜ਼ਾਰ ਲੱਗ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਐੱਸਡੀਐੱਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਕਰਾਫ਼ਟ ਬਾਜ਼ਾਰ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਰਾਫ਼ਟ ਬਾਜ਼ਾਰ ਵਿੱਚ ਲੱਕੜੀ, ਕੱਪੜਾ, ਲੋਹਾ, ਪੱਥਰ, ਬਾਂਸ, ਜੂਟ, ਧਾਗਾ, ਕੱਚ ਆਦਿ ਦੀ ਵਰਤੋਂ ਨਾਲ ਕਾਰੀਗਰਾਂ ਵਲੋਂ ਹੱਥਾਂ ਨਾਲ ਤਿਆਰ ਕੀਤੇ ਗਏ ਬਹੁਮੁੱਲੇ ਸਾਮਾਨ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਲੋਕ ਇਸ ਦੀ ਖਰੀਦਦਾਰੀ ਵੀ ਕਰ ਸਕਣਗੇ।