ਪੱਤਰ ਪ੍ਰੇਰਕ
ਅੰਮ੍ਰਿਤਸਰ, 23 ਜੂਨ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜਥੇਬੰਦੀ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਸਟੇਸ਼ਨ ਚੋਣ ਕਰਨ ਲਈ ਮੌਕਾ ਦਿੰਦਿਆਂ ਅਧਿਆਪਕਾਂ ਨੂੰ 23 ਜੂਨ ਤੱਕ ਆਪਣੀ ਬਦਲੀ ਲਈ ਇੱਛਾ ਦੇ ਸਟੇਸ਼ਨ ਆਨਲਾਈਨ ਚੁਣਨ ਦਾ ਮੌਕਾ ਦਿੱਤਾ ਸੀ ਪਰ ਜਦੋਂ ਅਧਿਆਪਕਾਂ ਨੇ ਆਪਣੀ ਆਈ.ਡੀ ਵਿੱਚ ਸਟੇਸ਼ਨ ਚੁਣਨਾ ਚਾਹਿਆ ਤਾਂ ਸੈਂਕੜੇ ਅਧਿਆਪਕਾਂ ਨੂੰ ਬਦਲੀਆਂ ਲਈ ਸਟੇਸ਼ਨ ਚੁਣਨ ਤੋਂ ਵਾਂਝੇ ਕਰ ਦਿੱਤੇ ਗਿਆ। ਇਸ ਸਬੰਧੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਭਾਗ ਵਲੋਂ ਸਟੇਸ਼ਨ ਚੋਣ ਤੋਂ ਪਹਿਲਾਂ ਹਰ ਵਾਰੀ ਵੇਰਵੇ ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਵਿਭਾਗ ਨੇ ਦਰੁੱਸਤੀ ਦਾ ਮੌਕਾ ਦਿੱਤੇ ਬਿਨਾਂ ਹੀ ਸਟੇਸ਼ਨ ਚੋਣ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਮੀਤ ਹੇਅਰ ਨੇ ਜਥੇਬੰਦੀਆਂ ਤੋਂ ਲਏ ਸੁਝਾਵਾਂ ਉਪਰ ਕੋਈ ਅਮਲ ਨਾ ਕਰਕੇ, ਮੀਟਿੰਗ ਨੂੰ ਵੀ ਬੇਮਾਇਨਾ ਕਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਫੌਰੀ ਸਮੱਸਿਆ ਹੱਲ ਕੀਤੀ ਜਾਵੇ।