ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਜੂਨ
ਜੂਨ 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੇ ਰੋਸ ਵਜੋਂ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ ਹੈ। ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਲਗਪਗ ਸਭ ਕੁਝ ਬੰਦ ਰਿਹਾ। ਕਿਸੇ ਵੀ ਸਿੱਖ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਇਸ ਬੰਦ ਸਬੰਧੀ ਕੋਈ ਮਾਰਚ ਨਹੀਂ ਕੱਢਿਆ ਗਿਆ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਮੁਕੰਮਲ ਬੰਦ ਰਿਹਾ। ਸੜਕਾਂ ’ਤੇ ਆਵਾਜਾਈ ਰੋਕਣ ਦਾ ਕੋਈ ਯਤਨ ਨਹੀਂ ਕੀਤਾ ਗਿਆ ਪਰ ਇਸ ਦੇ ਬਾਵਜੂਦ ਆਵਾਜਾਈ ਵੀ ਘੱਟ ਰਹੀ। ਇਸੇ ਤਰ੍ਹਾਂ ਅੰਤਰਰਾਜੀ ਬੱਸ ਅੱਡੇ ਤੋਂ ਬੱਸਾਂ ਤਾਂ ਚੱਲੀਆਂ ਪਰ ਸਵਾਰੀਆਂ ਘੱਟ ਹੀ ਸਨ। ਇਸ ਬੰਦ ਦੌਰਾਨ ਦਵਾਈਆਂ ਦੀਆਂ ਦੁਕਾਨਾਂ ਅਤੇ ਹਸਪਤਾਲ ਆਦਿ ਖੁੱਲ੍ਹੇ ਰਹੇ। ਦਲ ਖ਼ਾਲਸਾ ਦੇ ਆਗੂਆਂ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਸਤਨਾਮ ਸਿੰਘ ਪਾਉਂਟਾ ਸਾਹਿਬ, ਪਰਮਜੀਤ ਸਿੰਘ ਟਾਂਡਾ, ਸਰਬਜੀਤ ਸਿੰਘ ਘੁਮਾਣ, ਅੰਗਦ ਸਿੰਘ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਣਕਾ ਆਦਿ ਨੇ ਸ੍ਰ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਇਸ ਬੰਦ ਨੂੰ ਸ਼ਾਂਤਮਈ ਤਰੀਕੇ ਨਾਲ ਸਫ਼ਲ ਬਣਾਉਣ ਲਈ ਭਰਵਾਂ ਹੁੰਗਾਰਾ ਦਿੱਤਾ ਹੈ, ਜੋ ਸ਼ਲਾਘਾਯੋਗ ਹੈ। ਉਨ੍ਹਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਦਲ ਖ਼ਾਲਸਾ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦਿੱਤੇ ਸੰਦੇਸ਼ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਸਾਕਾ ਨੀਲਾ ਤਾਰਾ ਫੌਜੀ ਹਮਲੇ ਲਈ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਨਹੀਂ ਤਾਂ ਇਸ ਤੋਂ ਪਹਿਲਾਂ ਇਸ ਹਮਲੇ ਲਈ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ।
ਇਸ ਦੌਰਾਨ ਸ਼ਹਿਰ ਵਿੱਚ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਹਰੇਕ ਰਸਤੇ ’ਤੇ ਨਾਕੇ ਲਾਏ ਗਏ ਸਨ ਅਤੇ ਬੈਰੀਕੇਡ ਲਾ ਕੇ ਘੇਰਾਬੰਦੀ ਕੀਤੀ ਗਈ ਸੀ। ਇਸੇ ਤਰ੍ਹਾਂ ਸ਼ਹਿਰ ਵਿੱਚ ਆਉਣ ਵਾਲੇ ਰਸਤਿਆਂ ’ਤੇ ਵੀ ਨਾਕਾਬੰਦੀ ਕੀਤੀ ਗਈ ਸੀ। ਅਜਿਹੇ ਸੁਰੱਖਿਆ ਪ੍ਰਬੰਧਾਂ ਲਈ ਨੀਮ ਫ਼ੌਜੀ ਬਲ ਵੀ ਤਾਇਨਾਤ ਕੀਤੇ ਗਏ ਸਨ।
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਵੱਲੋਂ ਦਿੱਤੇ ਗਏ ਸੱਦੇ ’ਤੇ ਅੰਮ੍ਰਿਤਸਰ ਬੰਦ ਦੌਰਾਨ ਸਥਾਨਕ ਸੁਲਤਾਨਵਿੰਡ ਇਲਾਕੇ ਵਿੱਚ ਪੈਟਰੋਲ ਪੰਪ, ਕੱਪੜਾ ਮਾਰਕੀਟ, ਅਜੀਤ ਨਗਰ, ਬਾਜ਼ਾਰ ਟਾਹਲੀ ਵਾਲਾ ਚੌਕ ਅਤੇ ਹੋਰ ਵਪਾਰਕ ਅਦਾਰੇ ਅਤੇ ਦੁਕਾਨਾਂ ਬੰਦ ਰਹਿਣ ਨਾਲ ਸਾਰੇ ਪਾਸੇ ਸੁੰਨਸਾਨ ਦਿਖਾਈ ਦਿੱਤੀ। ਕਈ ਥਾਵਾਂ ’ਤੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ, ਪਰ ਗਾਹਕਾਂ ਦੀ ਘਾਟ ਰਹੀ। ਨਗਰ ਨਿਗਮ ਦੀ ਹਦੂਦ ’ਚ ਪੈਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਵਿੱਚ ਵੀ ਮੁਕੰਮਲ ਬੰਦ ਰਿਹਾ।
ਜਲੰਧਰ (ਪਾਲ ਸਿੰਘ ਨੌਲੀ): ਸਾਕਾ ਨੀਲਾ ਤਾਰਾ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਘੱਲੂਘਾਰਾ ਦਿਵਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਸੁੱਖੀਂ ਸਾਂਦੀਂ ਲੰਘ ਜਾਣ ’ਤੇ ਪੁਲੀਸ ਨੇ ਸੁੱਖ ਦਾ ਸਾਹ ਲਿਆ। ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਥਾਂ-ਥਾਂ ’ਤੇ ਪੁਲੀਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਪਹਿਲੀ ਜੂਨ ਤੋਂ ਪੁਲੀਸ ਲਗਾਤਾਰ ਜ਼ਿਲ੍ਹੇ ਵਿੱਚ ਫਲੈਗ ਮਾਰਚ ਤੇ ਤਲਾਸ਼ੀ ਅਭਿਆਨ ਚਲਾ ਕੇ ਸ਼ਰਾਰਤੀ ਅਨਸਰਾਂ ’ਤੇ ਦਬਾਅ ਬਣਾ ਰਹੀ ਸੀ। ਘੱਲੂਘਾਰਾ ਦਿਵਸ ਨੂੰ ਸ਼ਾਂਤਮਈ ਸਿਰੇ ਚੜ੍ਹਾਉਣ ਲਈ ਪੁਲੀਸ ਨੇ ਜ਼ਿਲ੍ਹੇ ਦੇ ਕੁਝ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਤੜਕੇ ਹੀ ਨਜ਼ਰਬੰਦ ਕਰ ਦਿੱਤਾ ਸੀ। ਸ਼ਿਵ ਸੈਨਾ ਸਮਾਜਵਾਦੀ ਦੇ ਸੂਬਾ ਪ੍ਰਧਾਨ ਨਰਿੰਦਰ ਥਾਪਰ ਤੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਦੀਪਕ ਕੰਬੋਜ ਸਮੇਤ ਹੋਰ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ।
ਪੁਲੀਸ ਨੇ ਜ਼ਿਲ੍ਹੇ ਵਿੱਚ 29 ਥਾਵਾਂ ’ਤੇ ਹਾਈਟੈੱਕ ਨਾਕੇ ਲਾਏ ਸਨ ਤੇ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੀ ਹਰ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਸੀ। ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਡੀਸੀ ਅਤੇ ਪੁਲੀਸ ਕਮਿਸ਼ਨਰ ਨਾਲ ਸੰਪਰਕ ਬਣਾਈ ਰੱਖਿਆ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 20 ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਗਏ ਸਨ। ਜ਼ਿਲ੍ਹੇ ਵਿੱਚ 32 ਪੁਲੀਸ ਨਾਕੇ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 12 ਪੁਲੀਸ ਕਮਿਸ਼ਨਰੇਟ ਅਤੇ 20 ਐੱਸਐੱਸਪੀ (ਦਿਹਾਤੀ) ਅਧਿਕਾਰ ਖੇਤਰ ਵਿੱਚ ਆਉਂਦੇ ਸਨ। ਜ਼ਿਲ੍ਹੇ ਵਿੱਚ ਵਾਧੂ ਪੁਲੀਸ ਫੋਰਸ ਵੀ ਤਾਇਨਾਤ ਕੀਤੀ ਗਈ ਸੀ।
ਪਠਾਨਕੋਟ (ਐੱਨ ਪੀ ਧਵਨ): ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿੱਚ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਸਰਹੱਦੀ ਖੇਤਰ ਦੇ ਨਾਲ-ਨਾਲ ਜ਼ਿਲ੍ਹਾ ਪੁਲੀਸ ਵੱਲੋਂ ਸ਼ਹਿਰ ਅਤੇ ਨੈਸ਼ਨਲ ਹਾਈਵੇਅ ਉਪਰ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਐੱਸਐੱਚਓ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਣ ਲਈ ਜੰਮੂ ਤੋਂ ਪਠਾਨਕੋਟ ਹੋ ਕੇ ਹੋਰ ਰਾਜਾਂ ਨੂੰ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਘੱਲੂਘਾਰਾ ਦਿਵਸ ਮੌਕੇ ਸ਼ਹਿਰ ਅੰਦਰ ਚੱਪੇ-ਚੱਪੇ ’ਤੇ ਪੁਲੀਸ ਤਾਇਨਾਤ ਸੀ।