ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਈ
ਟੀਵੀ ਐਂਕਰ ਅਤੇ ਕਲਾਕਾਰ ਭਾਰਤੀ ਸਿੰਘ ਵੱਲੋਂ ਸਿੱਖੀ ਸਰੂਪ ਦਾੜ੍ਹੀ ਕੇਸਾਂ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਅੱਜ ਇਸਤਰੀ ਅਕਾਲੀ ਦਲ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਔਰਤ ਕਲਾਕਾਰ ਦੇ ਪੁਰਾਣੇ ਘਰ ਦੇ ਨੇੜੇ ਰੋਸ ਵਿਖਾਵਾ ਕੀਤਾ ਗਿਆ। ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਰੋਸ ਵਿਖਾਵਾ ਕਰਨ ਵਾਲਿਆਂ ਵਿੱਚ ਇਸਤਰੀ ਅਕਾਲੀ ਦਲ ਅਤੇ ਮਾਨਵ ਅਧਿਕਾਰ ਜਥੇਬੰਦੀ ਦੀ ਆਗੂ ਜਸਵਿੰਦਰ ਕੌਰ ਸੋਹਲ, ਅਕਾਲੀ ਆਗੂ ਦਿਲਬਾਗ ਸਿੰਘ ਵਡਾਲੀ, ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਮਨਜੀਤ ਸਿੰਘ ਸੈਣੀ ਤੇ ਹੋਰ ਕਾਰਕੁਨ ਸ਼ਾਮਲ ਸਨ। ਇਸ ਸਬੰਧੀ ਬੀਬੀ ਸੋਹਲ ਨੇ ਦੱਸਿਆ ਕਿ ਸਮੂਹ ਕਾਰਕੁਨਾਂ ਵੱਲੋਂ ਭਾਰਤੀ ਸਿੰਘ ਦੇ ਅੰਮ੍ਰਿਤਸਰ ਵਿਚਲੇ ਪੁਰਾਣੇ ਘਰ ਦੇ ਨੇੜੇ ਰੋਸ ਵਿਖਾਵਾ ਕੀਤਾ ਗਿਆ ਹੈ। ਬਾਅਦ ਵਿੱਚ ਚੌਕ ਵਿੱਚ ਵੀ ਰੋਸ ਵਿਖਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਕੇਸਾਂ ਦੀ ਵੱਡੀ ਮਹੱਤਤਾ ਹੈ ਅਤੇ ਇਨ੍ਹਾਂ ਨੂੰ ਪੰਜ ਕੱਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਔਰਤ ਕਲਾਕਾਰ ਅੰਮ੍ਰਿਤਸਰ ਦੀ ਜੰਮਪਲ ਹੈ ਅਤੇ ਉਸ ਨੂੰ ਸਿੱਖ ਧਰਮ ਤੇ ਕੱਕਾਰਾਂ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਲਾਕਾਰ ਨੇ ਆਪਣੇ ਮਜ਼ਾਕ ਰਾਹੀਂ ਜਿਥੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਸਿੱਖੀ ਸਰੂਪ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਔਰਤ ਕਲਾਕਾਰ ਖਿਲਾਫ ਆਈਪੀਸੀ ਦੀ ਧਾਰਾ 295 ਏ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਰੋਸ ਵਿਖਾਵੇ ਦੌਰਾਨ ਭਾਰਤੀ ਸਿੰਘ ਖ਼ਿਲਾਫ਼ ਪੋਸਟਰ ਤੇ ਬੈਨਰ ਚੁੱਕੇ ਹੋਏ ਸਨ, ਜਿਸ ਵਿੱਚ ਇਸ ਕਲਾਕਾਰ ਨੂੰ ਗ੍ਰਿਫਤਾਰ ਕਰਨ ਅਤੇ ਉਸ ਖ਼ਿਲਾਫ਼ ਨਾਅਰੇ ਲਿਖੇ ਹੋਏ ਸਨ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਗੁਰਮੀਤ ਕੌਰ, ਸਨੋਅ ਕੌਰ ਗਿੱਲ, ਹਰਲੀਨ ਕੌਰ, ਸਿੰਮੀ ਕੌਰ, ਆਕਾਸ਼ਦੀਪ ਸਿੰਘ, ਪਰਮਜੀਤ ਸਿੰਘ, ਪ੍ਰਭਜੋਤ ਸਿੰਘ, ਸੁਖਮਨ ਸਿੰਘ, ਸਰਵਣ ਸਿੰਘ, ਬਲਵਿੰਦਰ ਸਿੰਘ ਤੇ ਹੋਰ ਸ਼ਾਮਲ ਸਨ। ਬਾਅਦ ਵਿੱਚ ਵਫਦ ਪੁਲੀਸ ਕਮਿਸ਼ਨਰ ਦੇ ਦਫਤਰ ਵੀ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ।