ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਨਵੰਬਰ
ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ ਅੱਜ ਦੇਸ਼ ਪੱਧਰੀ ਚੱਕਾ ਜਾਮ ਪ੍ਰੋਗਰਾਮ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਇਥੇ ਅੰਮ੍ਰਿਤਸਰ-ਦਿੱਲੀ ਸ਼ਾਹ ਮਾਰਗ ’ਤੇ ਗੋਲਡਨ ਗੇਟ ਨੇੜੇ ਚਾਰ ਘੰਟੇ ਆਵਾਜਾਈ ਠੱਪ ਕੀਤੀ ਗਈ ਹੈ। ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੰਮ੍ਰਿਤਸਰ ਅਜਨਾਲਾ ਰੋਡ ’ਤੇ ਹਵਾਈ ਅੱਡੇ ਨੇੜੇ ਚੱਕਾ ਜਾਮ ਕੀਤਾ ਗਿਆ। ਇਸੇ ਤਰ੍ਹਾਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਮਾਨਾਂਵਾਲਾ ਨੇੜੇ ਟੌਲ ਪਲਾਜ਼ਾ ’ਤੇ ਆਵਾਜ਼ਾਈ ਠੱਪ ਕੀਤੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਅੱਜ ਸੂਬੇ ਦੇ ਦਸ ਜ਼ਿਲਿਆਂ ਵਿਚ 42 ਥਾਵਾਂ ’ਤੇ 12 ਤੋਂ 4 ਵਜੇ ਤਕ ਸੜਕੀ ਆਵਾਜਾਈ ਪੂਰੀ ਤਰ੍ਹਾਂ ਜਾਮ ਕੀਤੀ ਗਈ। ਇਸ ਦੌਰਾਨ ਅੰਤਰਾਸ਼ਟਰੀ ਹਵਾਈ ਅੱਡੇ ਨੇੜੇ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ, ਬੀਬੀਆਂ ਤੇ ਹੋਰਨਾਂ ਨੇ ਸ਼ਮੂਲੀਅਤ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਇਥੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਡਾ. ਅੰਬੇਦਕਰ ਐਕਸ਼ਨ ਕਮੇਟੀ ਵਲੋਂ ਕਰਤਾਰਪੁਰ ਦੇ ਮੁੱਖ ਚੌਕ ਵਿੱਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਡਾ ਅੰਬੇਦਕਰ ਐਕਸ਼ਨ ਕਮੇਟੀ ਕਰਤਾਰਪੁਰ ਦੇ ਪ੍ਰਧਾਨ ਲੱਕੀ ਅਟਵਾਲ ਇਫਟੂ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਲਿਆਂਦੇ ਲੋਕ ਵਿਰੋਧੀ ਖੇਤੀ ਕਾਨੂੰਨ ਬਿਜਲੀ ਐਕਟ ਅਤੇ ਕਿਰਤ ਕਾਨੂੰਨ ਤੁਰੰਤ ਰੱਦ ਕੀਤੇ ਜਾਣ।
ਹੁਸ਼ਿਆਰਪੁਰ (ਪੱਤਰ ਪੇ੍ਰਕ): ਅਜ਼ਾਦ ਕਿਸਾਨ ਕਮੇਟੀ ਦੋਆਬਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪੁਰਹੀਰਾਂ ਚੌਕ ਬਾਈਪਾਸ ’ਤੇ ਚਾਰ ਘੰਟੇ ਲਈ ਜਾਮ ਲਗਾਇਆ ਗਿਆ। ਅੱਜ ਦੇ ਧਰਨੇ ਵਿਚ ਕਿਸਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਤ ਮਜ਼ਦੂਰ, ਆਂਗਣਵਾੜੀ ਵਰਕਰ, ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਟੈਕਸੀ ਯੂਨੀਅਨ ਸ਼ਾਮਿਲ ਹੋਏ। ਕਿਸਾਨ ਆਗੂ ਹਰਪਾਲ ਸਿੰਘ ਸੰਘਾ ਅਤੇ ਮਨਜੀਤ ਸਿੰਘ ਰਾਏ ਨੇ ਕਿਹਾ ਕਿ 26-27 ਨਵੰਬਰ ਦੇ ‘ਦਿੱਲੀ ਚੱਲੋ’ ਅੰਦੋਲਨ ’ਚ ਵਧ ਚੜ੍ਹ ਕੇ ਭਾਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨ, ਮਜ਼ਦੂਰ ਸ਼ਕਤੀ ਸਾਹਮਣੇ ਝੁਕਣਾ ਪਵੇਗਾ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਕਿਸਾਨੀਂ ਮੰਗਾਂ ਨੂੰ ਲੈ ਕੇ ਅੱਜ ਕੌਮੀ ਪੱਧਰ ’ਤੇ ਦਿੱਤੇ ‘ਚੱਕਾ ਜਾਮ’ ਦੇ ਸੱਦੇ ਨੂੰ ਅੱਜ ਜ਼ਿਲ੍ਹੇ ਅੰਦਰ ਕਿਸਾਨਾਂ-ਮਜ਼ਦੂਰਾਂ, ਮੁਲਾਜ਼ਮਾਂ ਆਦਿ ਵਰਗਾਂ ਵਲੋਂ ਭਰਾਵਾਂ ਹੁੰਗਾਰਾ ਮਿਲਿਆ| ਜ਼ਿਲ੍ਹੇ ਦੀਆਂ ਸਮੁੱਚੀਆਂ ਸੜਕਾਂ ਨੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੰਘਰਸ਼ਸ਼ੀਲ ਕਿਸਾਨਾਂ ਦਾ ਡੰਕਾ ਬੋਲਦਾ ਰਿਹਾ| ਜਥੇਬੰਦੀ ਵਲੋਂ ਜ਼ਿਲ੍ਹੇ ਦੇ ਰਸੂਲਪੁਰ, ਮਾਨੋਚਾਹਲ, ਗੋਹਲਵੜ੍ਹ ਆਦਿ ਵੱਖ ਵੱਖ 13 ਥਾਵਾਂ ਦੀਆਂ ਸੜਕਾਂ ’ਤੇ ਧਰਨੇ ਦਿੱਤੇ|
ਗੁਰਦਾਸਪੁਰ (ਜਤਿੰਦਰ ਬੈਂਸ): ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਹਾਈਵੇ ਜਾਮ ਕਰਨ ਦੇ ਸੱਦੇ ਤਹਿਤ ਅੱਜ ਕਿਸਾਨਾਂ ਦਾ ਜ਼ਿਲ੍ਹਾ ਗੁਰਦਾਸਪੁਰ ਅੰਦਰ ਮੁੱਖ ਸੜਕ ਮਾਰਗਾਂ ਨੂੰ ਜਾਮ ਕਰਨ ਪੂਰੀ ਤਰ੍ਹਾਂ ਸਫ਼ਲ ਰਿਹਾ। ਸ਼ਹਿਰ ਅੰਦਰ ਮੁੱਖ ਸੜਕ ਉੱਤੇ ਪੈਂਦੇ ਡਾਕਖਾਨਾ ਚੌਂਕ ’ਚ ਧਰਨਾ ਲਾ ਕੇ ਜਾਮ ਕੀਤਾ ਉੱਥੇ ਹੀ ਮਹੀਨੇ ਤੋਂ ਜ਼ਿਆਦਾ ਸਮੇਂ ’ਤੇ ਰੇਲਵੇ ਸਟੇਸ਼ਨ ਉੱਤੇ ਬੈਠੇ ਕਿਸਾਨਾਂ ਨੇ ਬਰਿਆਰ ਬਾਈਪਾਸ ਉੱਤੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਉੱਤੇ ਧਰਨਾ ਲਾ ਕੇ ਮੁਕੰਮਲ ਜਾਮ ਲਾਈ ਰੱਖਿਆ।
ਅਟਾਰੀ (ਦਿਲਬਾਗ ਸਿੰਘ ਗਿੱਲ): ਜਮਹੂਰੀ ਕਿਸਾਨ ਸਭਾ ਪੰਜਾਬ, ਕੁਲ ਹਿੰਦ ਕਿਸਾਨ ਸਭਾ (ਅਜੈ ਭਵਨ ਦਿੱਲੀ), ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਅਟਾਰੀ ਵਿਖੇ 12 ਤੋਂ 4 ਵਜੇ ਤੱਕ ਨੈਸ਼ਨਲ ਹਾਈਵੇਅ ’ਤੇ ਜਾਮ ਲਾਇਆ।
ਨਵਾਂਸ਼ਹਿਰ (ਲਾਜਵੰਤ ਸਿੰਘ): ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਅਮਲੀ ਰੂਪ ਦਿੰਦਿਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਪਿੰਡ ਮਹਿੰਦੀਪੁਰ ਵਿਖੇ ਜੀ.ਟੀ ਰੋਡ ਜਾਮ ਕਰਕੇ ਮੋਦੀ ਸਰਕਾਰ ਨੂੰ ਚਣੌਤੀ ਦਿੱਤੀ ਹੈ। ਝੰਡੇ ਅਤੇ ਮਾਟੋ ਲੈ ਕੇ ਨਾਅਰੇ ਮਾਰਦੇ ਕਿਸਾਨ ਕਾਫ਼ਲੇ ਬੰਨ੍ਹ ਕੇ ਜਾਮ ਵਿਚ ਪਹੁੰਚੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਤਰਸੇਮ ਸਿੰਘ ਬੈਂਸ ਆਦਿ ਨੇ ਸੰਬੋਧਨ ਕੀਤਾ।
ਚੌਲਾਂਗ ਟੌਲ ਪਲਾਜ਼ਾ ’ਤੇ ਲਾਇਆ ਜਾਮ
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਸੈਂਕੜੇ ਕਿਸਾਨਾਂ ਨੇ ਕੌਮੀ ਮਾਰਗ ’ਤੇ ਚੌਲਾਂਗ ਟੌਲ ਪਲਾਜ਼ਾ ਵਿਖੇ ਜਾਮ ਲਗਾਇਆ। ਇਸ ਮੌਕੇ ਪਹਿਲਾਂ ਤੋਂ ਚੱਲ ਰਹੇ ਧਰਨੇ ਦੇ ਅੱਜ 32ਵੇਂ ਦਿਨ ਵੀ ਮੌਜੂਦ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਸੰਧੂ, ਬਲਬੀਰ ਸਿੰਘ ਸੋਹੀਆਂ, ਹਰਦੀਪ ਖੁੱਡਾ ਆਦਿ ਬੁਲਾਰਿਆਂ ਨੇ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਲੜਾਈ ਤਹਿਤ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਹਾਈਵੇਅ ਜਾਮ ਕਰਕੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਦੇ ਰੋਸ ਵਿਖਾਵੇ ਦੌਰਾਨ ਹਰਜਿੰਦਰ ਸਿੰਘ ਮੌਜੀ, ਸੁਖਵੀਰ ਸਿੰਘ ਚੌਹਾਨ, ਪੰਮੀ ਦਿਵੇਦੀ ਅਤੇ ਅਜੀਬ ਦਿਵੇਦੀ ਵੀ ਮੌਜੂਦ ਸਨ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਕੇਂਦਰ ਸਰਕਾਰ ਵੱਲੋ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਅੱਜ ਬਿਆਸ ਦਰਿਆ ਪੁਲ ’ਤੇ ਟਾਂਡਾ-ਸ੍ਰੀ ਹਰਗੋਬਿੰਦਪੁਰ ਸੜਕ ’ਤੇ ਚੱਕਾ ਜਾਮ ਕੀਤਾ ਗਿਆ।
ਲੇਖਕਾਂ ਕਲਾਕਾਰਾਂ ਨੇ ਧਰਨੇ ਵਿੱਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਚੱਕਾ ਜਾਮ ਦਾ ਸਮਰਥਨ ਕਰਨ ਲਈ ਅੱਜ ਅਜਨਾਲਾ ਨੇੜੇ ਅੱਡਾ ਪੰਜ ਗਰਾਈਆਂ ਵਿਖੇ ਲਾਏ ਗਏ ਧਰਨੇ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਮੀਤ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਹੇਠ ਲੇਖਕਾਂ- ਕਲਾਕਾਰਾਂ ਨੇ ਸ਼ਮੂਲੀਅਤ ਕਰਕੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਸਾਨਾਂ ਨੂੰ 5000 ਰੁਪਏ ਦੀ ਸਹਾਇਤਾ ਵੀ ਦਿੱਤੀ। ਇਸ ਧਰਨੇ ਵਿੱਚ ਉਨ੍ਹਾਂ ਦੇ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਛੀਨਾ, ਧੰਨਵੀਰ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਗਾਇਕਾ ਸੋਨੀਆ ਮਾਨ, ਹਰਜੀਤ ਸਿੰਘ ਲਾਡੀ, ਮਨਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਹਮੀਰਾ ਤੇ ਢਿੱਲਵਾਂ ਟੌਲ ਪਲਾਜ਼ਿਆਂ ’ਤੇ ਡਟੇ ਰਹੇ ਕਿਸਾਨ
ਭੁਲੱਥ (ਦਲੇਰ ਸਿੰਘ ਚੀਮਾ): ਅੱਜ ਭੁਲੱਥ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਹਮੀਰਾ ਤੇ ਢਿਲਵਾਂ ਟੌਲ ਪਲਾਜ਼ਾ ਤੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵਲੋਂ ਇਕਜੁੱਟਤਾ ਦਿਖਾਉਂਦੇ ਹੋਏ ਹਾਈਵੇ ਸ਼ਾਂਤਮਈ ਢੰਗ ਨਾਲ ਜਾਮ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਦੱਸਿਆ ਕਿ ਹਮੀਰਾ ਵਿਖੇ ਹਾਈਵੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ ਤੇ ਇਹ ਧਰਨਾ ਸ਼ਾਂਤਮਈ ਢੰਗ ਨਾਲ ਸਮਾਪਤ ਹੋਇਆ ਤੇ ਭੁਲੱਥ ਤੋਂ ਗੁਰਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਹਮੀਰਾ ਵਿਖੇ ਜਾ ਕੇ ਸ਼ਾਮਲ ਹੋਏ ਤੇ ਢਿਲਵਾਂ ਟੋਲ ਪਲਾਜ਼ੇ ਤੇ ਕਪੂਰਥਲਾ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।