ਪੱਤਰ ਪ੍ਰੇਰਕ
ਅੰਮ੍ਰਿਤਸਰ, 3 ਮਈ
ਆਈਐੱਚਏ ਫ਼ਾਊਂਡੇਸ਼ਨ ਕਲਕੱਤਾ ਵੱਲੋਂ ਚੇਅਰਮੈਨ ਸਤਨਾਮ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਸਾਰੇ ਧਰਮਾਂ ਦੇ ਮੁਖੀਆਂ ਨਾਲ ਮਿਲ ਕੇ ਈਦ ਮਨਾਈ ਗਈ।
ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿੱਚ ਮੌਜੂਦ ਮਸਜਿਦ ਸਿਕੰਦਰ ਖਾਨ ਵਿੱਚ ਮਸਜਿਦ ਦੇ ਮੁਖੀ ਡਾ. ਅਬਦੁਲ ਨੂਰ , ਪ੍ਰੈਜ਼ੀਡੈਂਟ, ਮਜਲਿਸ ਏਹਰਾਰ ਇਸਲਾਮ ਹਿੰਦ, ਪੰਜਾਬ ਨਾਲ ਈਦ ਮਨਾਈ ਗਈ। ਇਸ ਮੌਕੇ ਸ੍ਰੀ ਆਹਲੂਵਾਲੀਆ ਨਾਲ ਇਸਾਈ ਭਾਈਚਾਰੇ ਤੋਂ ਬਿਸ਼ਪ ਡਾ. ਪਰਦੀਪ ਸਮੰਤਾ ਰੌਇ, ਬਿਸ਼ਪ ਆਫ ਅੰਮ੍ਰਿਤਸਰ, ਡੈਨੀਅਲ ਬੀ ਦਾਸ ਅਤੇ ਹੋਰ ਧਰਮਿਕ ਆਗੂ ਮੌਜੂਦ ਸਨ। ਧਾਰਮਿਕ ਆਗੂਆਂ ਨੇ ਈਦ ਮੌਕੇ ਡਾ. ਅਬਦੁਲ ਨੂਰ ਨੂੰ ਮਿਠਾਈਆਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਈਦ ਦੀ ਵਧਾਈ ਦਿਤੀ।
ਇਸ ਮੌਕੇ ਡਾ. ਅਬਦੁਲ ਨੂਰ ਨੇ ਸ੍ਰੀ ਅਹਲੂਵਾਲੀਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬਿਸ਼ੋਪ ਪਰਦੀਪ ਸਮੰਤਾ ਰੌਏ ਬਿਸ਼ਪ ਆਫ ਅੰਮ੍ਰਿਤਸਰ ਨੇ ਕਿਹਾ ਕਿ ਅੱਜ ਈਦ ਦੇ ਮੌਕੇ ਉਹ ਸਮੁੱਚੇ ਮੁਸਲਿਮ ਭਾਇਚਾਰੇ ਨੂੰ ਵਧਾਈ ਦਿੰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਈਦ ਮੌਕੇ ਵਧਾਈ ਦਿੰਦੇ ਹੋਏ ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਅੱਜ ਉਹ ਈਦ ਮੌਕੇ ਆਪਣੇ ਦੂਜੇ ਧਰਮ ਦੇ ਭਰਾਵਾਂ ਨਾਲ ਮਿਲ ਕੇ ਮਸਜਿਦ ਵਿੱਚ ਈਦ ਦੀ ਖ਼ੁਸ਼ੀ ਸਾਂਝੀ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੌਜੂਦ ਸਾਰੇ ਧਰਮਿਕ ਆਗੂਆਂ ਨਾਲ ਇਸ ਮੌਕੇ ਗੱਲਬਾਤ ਕਰਦਿਆਂ ਪੇਸ਼ਕਸ਼ ਕੀਤੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਮਿਲ ਸਕੇ।
ਇਸੇ ਦੌਰਾਨ ਅੱਜ ਮਸਜਿਦ ਖੈਰ-ਉਦ-ਦੀਨ, ਹਾਲ ਬਜ਼ਾਰ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ ਅਤੇ ਦੂਜੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਈਦ ਮੁਬਾਰਕ ਆਖੀ। ਸ਼ਹਿਰ ਦੀਆਂ ਹੋਰ ਮਸਜਿਦਾਂ ਵਿੱਚ ਵੀ ਨਮਾਜ਼ ਅਦਾ ਕੀਤੀ ਗਈ।
ਸਾਂਈ ਜੁੰਮਲੇ ਸ਼ਾਹ ਦੇ ਦਰਬਾਰ ਵਿਚ ਈਦ ਮਨਾਈ਼
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਪਿੰਡ ਉਦੇਸੀਆਂ ਵਿੱਚ ਸਥਿਤ ਦਰਬਾਰ ਸਾਂਈ ਜੁੰਮਲੇ ਸ਼ਾਹ ਜੀ ਵਿਖੇ ਈਦ ਦਾ ਤਿਉਹਾਰ ਗੱਦੀ ਨਸ਼ੀਨ ਬੀਬੀ ਸ਼ਰੀਫਾਂ ਦੀ ਦੇਖ ਰੇਖ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਨਮਾਜ ਅਦਾ ਕਰਕੇ ਮਨਾਈ ਗਈ। ਇਸ ਮੌਕੇ ਬੀਬੀ ਸ਼ਰੀਫਾਂ ਅਤੇ ਸੰਗਤਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸੰਗਤਾਂ ਨੂੰ ਪ੍ਰਸ਼ਾਦ ਵਿਚ ਮਿੱਠੀਆਂ ਸੇਵੀਆਂ ਅਤੇ ਔਰਤਾਂ ਨੂੰ ਚੂੜ੍ਹੀਆਂ ਦਿੱਤੀਆਂ।