ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਅਕਤੂਬਰ
ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇੰਡਸਇੰਡ ਬੈਂਕ ਦੇ ਦੋ ਕਰਮਚਾਰੀਆਂ ਕੋਲੋਂ 13,700 ਰੁਪਏ ਦੀ ਨਕਦੀ ਖੋਹ ਲਈ ਹੈ। ਪੁਲੀਸ ਨੇ ਘਟਨਾ ਸਬੰਧੀ ਕੇਸ ਦਰਜ ਕੀਤਾ ਹੈ ਪਰ ਫਿਲਹਾਲ ਲੁਟੇਰਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸੂਰਜ ਦੀਪ ਸਿੰਘ ਵਾਸੀ ਪਿੰਡ ਡਾਲੇਚੱਕ ਨੇ ਪੁਲੀਸ ਨੂੰ ਦੱਸਿਆ ਕਿ ਉਹ ਇੰਡਸਇੰਡ ਬੈਂਕ ਵਿੱਚ ਲੋਕਾਂ ਨੂੰ ਕਰਜ਼ਾ ਦੇਣ ਅਤੇ ਕਰਜ਼ੇ ਦੀਆਂ ਕਿਸ਼ਤਾਂ ਵਸੂਲਣ ਦੇ ਕਰਮਚਾਰੀ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਇਕ ਸਾਥੀ ਨਾਲ ਪਿੰਡ ਧੂਲਕਾ ਵਿੱਚ ਕਿਸ਼ਤ ਵਸੂਲੀ ਵਾਸਤੇ ਗਿਆ ਸੀ। ਜਦੋਂ ਉਹ ਬੁਟਾਰੀ ਰੇਲਵੇ ਫਾਟਕ ਕੋਲ ਪੁੱਜੇ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ।