ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਦਸੰਬਰ
ਸਿੱਖ ਜਥੇਬੰਦੀਆਂ ਨੇ ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਖਿਲਾਫ 19 ਦਸੰਬਰ ਨੂੰ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਹ ਰੋਸ ਮਾਰਚ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਅਕਾਲ ਤਖਤ ਸਾਹਿਬ ਤਕ ਜਾਵੇਗਾ। ਇਹ ਫੈਸਲਾ ਅੱਜ ਸਿੱਖ ਜਥੇਬੰਦੀਆਂ ਦੀ ਇਕ ਮੀਟਿੰਗ ਵਿਚ ਕੀਤਾ ਗਿਆ।
ਨਿਊ ਅੰਮ੍ਰਿਤਸਰ ਵਿਚ ਹੋਈ ਮੀਟਿੰਗ ਵਿਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ, ਜਥਾ ਸਿਰਲੱਥ ਖਾਲਸਾ ਦੇ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਰਣਜੀਤ ਸਿੰਘ ਦਮਦਮੀ ਟਕਸਾਲ, ਆਵਾਜ਼-ਏ-ਕੌਮ ਦੇ ਮਨਜੀਤ ਸਿੰਘ ਕਰਤਾਰਪੁਰ, ਬਾਬਾ ਰਛਪਾਲ ਸਿੰਘ ਨਿਹੰਗ, ਭੁਪਿੰਦਰ ਸਿੰਘ, ਬੀਬੀ ਮਨਿੰਦਰ ਕੌਰ ਤੇ ਹੋਰ ਸ਼ਾਮਲ ਸਨ। ਇਸ ਸਬੰਧੀ ਇਕ ਬਿਆਨ ਵਿਚ ਸਿੱਖ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੋਵੇਂ ਸਿੱਖਾਂ ਨੂੰ ਨਿਆਂ ਦੇਣ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਸੰਗਤਾਂ ਨੂੰ ਨਿਆਂ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਸ਼੍ਰੋਮਣੀ ਕਮੇਟੀ ਨੇ ਲਾਪਤਾ ਹੋਏ ਸਰੂਪਾਂ ਬਾਰੇ ਕੌਮ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਤ ਇਹ ਜਾਣਨਾ ਚਾਹੁੰਦੀ ਹੈ ਕਿ 328 ਪਾਵਨ ਸਰੂਪ ਕਿਸ ਨੂੰ ਦਿੱਤੇ ਗਏ, ਕਿਸ ਦੇ ਆਦੇਸ਼ ’ਤੇ ਦਿੱਤੇ ਗਏ ਅਤੇ ਕਿਉਂ ਦਿੱਤੇ ਗਏ। ਇਸੇ ਤਰ੍ਹਾਂ ਸਿੱਖ ਰੈਫਰੈਂਸ ਲਾਇਬਰੇਰੀ ਦੇ ਅਮੁੱਲੇ ਖਜ਼ਾਨੇ ਦੀ ਵਾਪਸੀ ਦਾ ਮਾਮਲਾ ਵੀ ਭੇਦ ਬਣਿਆ ਹੋਇਆ ਹੈ। ਕਈ ਹੋਰ ਪੰਥਕ ਮਾਮਲੇ ਵੀ ਅਣਗੌਲੇ ਕੀਤੇ ਹੋਏ ਹਨ। ਉਨ੍ਹਾਂ ਸਿੱਖ ਸੰਗਤ ਨੂੰ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।