ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਅਕਤੂਬਰ
ਪਾਕਿਸਤਾਨ ਤੋਂ ਆਈ 22 ਕਿਲੋ ਹੈਰੋਇਨ , ਸਹਿਕਾਰੀ ਬੈਂਕ ਵਿਚ ਡਕੈਤੀ ਅਤੇ ਹੋਰ ਕਈ ਮਾਮਲਿਆਂ ਵਿਚ ਲੋੜੀਂਦੇ ਇਕ ਗੈਂਗਸਟਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਬਾਰਡਰ ਰੇਂਜ ਪੁਲੀਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲਾਂ, ਗੋਲੀਆਂ, ਨਕਦੀ ਤੇ ਇਕ ਕਾਰ ਬਰਾਮਦ ਹੋਈ ਹੈ। ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੈਂਗਸਟਰ ਸੁਖਦੀਪ ਸਿੰਘ ਉਰਫ ਘੁੱਦਾ, ਹਰਵਿੰਦਰ ਸਿੰਘ ਦੋਧੀ ਵਾਸੀ ਪਿੰਡ ਮੁਰਾਦਪੁਰਾ ਅਤੇ ਹਰਜੀਤ ਸਿੰਘ ਜੀਤਾ ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਫਿਲਹਾਲ ਇਨ੍ਹਾਂ ਦੇ ਦੋ ਸਾਥੀ ਫਰਾਰ ਹਨ, ਜਿਨਾਂ ਨੂੰ ਕਾਬੂ ਕਰਨ ਲਈ ਪੁਲੀਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।