ਪੱਤਰ ਪ੍ਰੇਰਕ
ਅੰਮ੍ਰਿਤਸਰ, 8 ਮਾਰਚ
ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਚੌਥਾ ਦਿਨ ਯੁਵਾ ਪਰਵਾਸ ਦੇ ਮਸਲਿਆਂ ਨੂੰ ਸਮਰਪਿਤ ਰਿਹਾ। ‘ਪੰਜਾਬੀ ਯੁਵਾ ਪਰਵਾਸ ਵਰਤਮਾਨ ਪਰਿਪੇਖ’ ਵਿਸ਼ੇ ’ਤੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਐਂਡ ਰਿਸਰਚ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਅੱਜ ਦੂਜੇ ਦਿਨ ਤਿੰਨ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿਚ ਵਿਦਵਾਨਾਂ ਨੇ ਵਿਚਾਰ ਚਰਚਾ ਕੀਤੀ। ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕੀਤੀ ਜਦੋਂਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਪ੍ਰੋਫੈਸਰ ਡਾ. ਯੋਗਰਾਜ ਸਨ।
ਇਸ ਮੌਕੇ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਦਾ ਧਰਤੀ ਨਾਲੋਂ ਮੋਹ ਤੋੜਨ ਵਾਲਾ ਪਰਵਾਸ ਨਿਰਾਸ਼ਾ ’ਚੋਂ ਪੈਦਾ ਹੋ ਰਿਹਾ। ਪਰਵਾਸ ਦੇ ਕਾਰਨਾਂ ਦੀ ਤਲਾਸ਼ ਪੰਜਾਬੀਆਂ ਨੂੰ ਆਪ ਹੀ ਕਰਨੀ ਪਵੇਗੀ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਸ ਪਰਵਾਸ ਦਾ ਮੁੱਖ ਕਾਰਨ ਇੱਥੋਂ ਦੇ ਢਾਂਚੇ ਦਾ ਅਸਫਲ ਹੋਣਾ ਹੈ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਦਿਅਕ ਢਾਂਚੇ ਵਿਚ ਇਸ ਪੱਧਰ ਦਾ ਨਿਘਾਰ ਆ ਚੁੱਕਾ ਹੈ ਕਿ ਸਿਰਫ਼ 11 ਫ਼ੀਸਦੀ ਨੌਜਵਾਨ ਬਾਰ੍ਹਵੀਂ ਕਰਦੇ ਹਨ ਤੇ ਬਾਕੀ 89 ਫ਼ੀਸਦ ਦਾ ਭਵਿੱਖ ਕੀ ਹੋਵੇਗਾ, ਇਹ ਵੱਡਾ ਸਵਾਲ ਹੈ। ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਕੀਤੀ ਜਦੋਂਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਰਜਿੰਦਰਪਾਲ ਸਿੰਘ ਬਰਾੜ ਸਨ। ਤੀਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗੁਰੁ ਨਾਨਕ ਦੇਵ ਯੂਨਵਿਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕੀਤੀ ਜਦੋਂਕਿ ਸੈਸ਼ਨ ਦੇ ਮੁੱਖ ਮਹਿਮਾਨ ਪ੍ਰੋਫੈਸਰ ਡਾ. ਗੁਰਮੁਖ ਸਿੰਘ ਸਨ।