ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 6 ਮਾਰਚ
‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਦੂਜੇ ਦਿਨ ਦੀ ਸ਼ੁਰੂਆਤ ਅੱਜ ਮਰਹੂਮ ਲੋਕ ਗਾਇਕਾ ਗੁਰਮੀਤ ਬਾਵਾ ਨੂੰ ਸਮਰਪਿਤ ਅੰਬਰਸਰੀ ਸੱਥ’ ਨਾਲ ਹੋਈ। ਇਸ ਸੱਥ ਦਾ ਸੰਜੋਯਨ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕੀਤਾ। ਇਸ ਮੌਕੇ ਗਲੋਰੀ ਬਾਵਾ ਨੇ ਆਪਣੀ ਮਾਤਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਪ੍ਰਸਿੱਧ ਲੋਕ ਗੀਤ ਮਿੱਟੀ ਦਾ ਬਾਵਾ ਆਪਣੀ ਮਾਤਾ ਦੇ ਅੰਦਾਜ਼ ਵਿਚ ਲੰਮੀ ਹੇਕ ਨਾਲ ਗਾਇਆ। ਉਸ ਤੋਂ ਪਹਿਲਾਂ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੇ ਅੰਮ੍ਰਿਤਸਰ ਤੇ ਸਾਹਿਤ ਜਗਤ ਦੇ ਕਿੱਸੇ ਵੀ ਸੁਣਾਏ। ਨਾਟਕਕਾਰ ਜਗਦੀਸ਼ ਸਚਦੇਵਾ ਨੇ ਪੰਜਾਬ ਦੇ ਸਾਹਿਤਕ ਮਾਹੌਲ ਦੀ ਗੱਲ ਛੇੜੀ। ਕਾਲਜ ਦੀ ਵਿਦਿਆਰਥਣ ਰਹੀ ਪ੍ਰਸਿੱਧ ਹਾਸ-ਰਸ ਕਲਾਕਾਰ ਰਾਜਬੀਰ ਕੌਰ ਨੇ ਸਰੋਤਿਆਂ ਨੂੰ ਹਸਾਇਆ। ਭੁਪਿੰਦਰ ਸੰਧੂ ਨੇ ਅੰਮ੍ਰਿਤਸਰ ਦੇ ਇਤਿਹਾਸ ਵਿਚੋਂ ਗ਼ੁਜ਼ਰਦਿਆਂ ਅੱਖੀਂ ਡਿੱਠੇ ਸਮਿਆਂ ਦੀਆਂ ਸੁਆਦਲੀਆਂ ਯਾਦਾਂ ਸਾਂਝੀਆਂ ਕੀਤੀਆਂ। ਚਰਚਿਤ ਚਿੱਤਰਕਾਰ ਗੁਰਪ੍ਰੀਤ ਸਿੰਘ ਨੇ ਭਗਤ ਪੂਰਨ ਸਿੰਘ ਦਾ ਚਿੱਤਰ ਬਣਾ ਕੇ ਸਭ ਨੂੰ ਮੰਤਰ-ਮੁਗਧ ਕੀਤਾ। ਇਕ ਹੋਰ ਸ਼ੈਸਨ ਵਿਚ ਸੰਨ ਸੰਤਾਲੀ ਦੀ ਦਰਦਨਾਕ ਵੰਡ ਨੂੰ ਯਾਦ ਕਰਦਿਆਂ ਪੰਜਾਬੀ ਸਾਹਿਤ ਵਿਚ ਪ੍ਰਗਟ ਹੁੰਦੇ ਵੰਡ ਦੇ ਦੁਖਾਂਤ ਦੀ ਬਾਤ ਪਾਈ ਗਈ। ਇਸ ਸ਼ੈਸਨ ਦਾ ਸੰਯੋਜਨ ਗੁਰਤੇਜ ਕੋਹਾਰਵਾਲਾ ਨੇ ਕੀਤਾ। ‘ਅੰਮ੍ਰਿਤਸਰ ਕਵੀ ਦਰਬਾਰ’ ਵਿਚ ਬੀਬਾ ਬਲਵੰਤ, ਵਿਸ਼ਾਲ, ਦੇਵ ਦਰਦ, ਸੁਹਿੰਦਰਬੀਰ, ਅਰਤਿੰਦਰ ਸੰਧੂ, ਸਿਮਰਤ ਗਗਨ, ਹਰਮੀਤ, ਧਰਵਿੰਦਰ ਔਲਖ, ਅਤੇ ਰੋਜ਼ੀ ਸਿੰਘ ਨੇ ਆਪਣੀਆਂ ਤਾਜ਼ਾ ਰਚਨਾਵਾਂ ਨਾਲ ਹਾਜ਼ਰ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਇਸ ਮੌਕੇ ਦਲਵੀਰ ਕੌਰ ਯੂਕੇ ਦੀ ਪੁਸਤਕ ‘ਚਿਤਵਣੀ’ ਅਤੇ ਮਨਮੋਹਨ ਸਿੰਘ ਢਿੱਲੋਂ ਦੀ ਪੁਸਤਕ ‘ਬੰਦੇ ਦੀ ਵੁੱਕਤ ਐ ਜਿਥੇ’ ਜਾਰੀ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਦੇ ਸ਼ੈਸਨ ਵਿਦਿਆਰਥੀਆਂ ਵਿਚ ਉਹ ਸੰਵੇਦਨਾ ਪੈਦਾ ਕਰਨ ਵਿਚ ਆਪਣੀ ਭੂਮਿਕਾ ਨਿਭਾਉਣਗੇ ਜੋ ਵਿਦਿਆਰਥੀਆਂ ਨੂੰ ਭਵਿੱਖ ਦੇ ਸਾਹਿਤਕ ਤੇ ਕਲਾਤਮਕ ਸਿਰਜਕ ਬਣਾਉਣਗੇ। ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਕੀਤਾ।