ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਪਰੈਲ
ਦੁਬਈ ਵਿਚ ਇਕ ਉੱਚੀ ਇਮਾਰਤ ਤੋਂ ਡਿੱਗਣ ਨਾਲ 22 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਮੂਣਕ ਕਲਾਂ ਦੀ ਦੀ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਅੱਜ ਦੁਬਈ ਤੋਂ ਸਰਬੱਤ ਦਾ ਭਲਾ ਟਰਸਟ ਦੇ ਸਹਿਯੋਗ ਨਾਲ ਇਥੇ ਸਥਾਨਕ ਹਵਾਈ ਅੱਡੇ ’ਤੇ ਪੁੱਜੀ। ਟਰੱਸਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਇਲਾਕੇ ਨਾਲ ਸਬੰਧਤ ਪਿੰਡ ਮੂਣਕ ਕਲਾਂ ਦਾ ਇਹ ਨੌਜਵਾਨ ਯੂਕਰੇਨ ਤੇ ਰੂਸ ਵਿਚਾਲੇ ਲੜਾਈ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਦੁਬਈ ਤੋਂ ਭਾਰਤ ਆ ਗਿਆ ਸੀ। ਇਥੇ ਉਸ ਦੇ ਦਾਦੇ ਦੀ ਤਬੀਅਤ ਵਿਗੜ ਗਈ ਸੀ। 16 ਮਾਰਚ ਨੂੰ ਉਹ ਦੁਬਾਰਾ ਵਿਜ਼ਟਰ ਵੀਜ਼ੇ ’ਤੇ ਦੁਬਈ ਗਿਆ ਸੀ। ਉਥੇ ਉਹ ਕੰਮਕਾਜ ਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਪੰਜ ਅਪਰੈਲ ਨੂੰ ਇਕ 14 ਮੰਜ਼ਿਲੀ ਉਚੀ ਇਮਾਰਤ ਤੋਂ ਅਚਨਚੇਤੀ ਹੇਠਾਂ ਡਿੱਗਣ ਨਾਲ ਉਸਦੀ ਮੌਤ ਹੋ ਗਈ। ਪਰਿਵਾਰ ਵੱਲੋਂ ਦੇਹ ਭਾਰਤ ਲਿਆਉੁਣ ਲਈ ਟਰਸਟ ਨੂੰ ਅਪੀਲ ਕੀਤੀ ਗਈ। ਲਾਸ਼ ਲੈਣ ਪੁੱਜੇ ਪਰਿਵਾਰਕ ਮੈਂਬਰਾਂ ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਮਨੋਹਰ ਸਿੰਘ, ਜੱਸੀ ਤੇ ਹੋਰ ਸ਼ਾਮਲ ਸਨ, ਜਿਨ੍ਹਾਂ ਨੇ ਟਰੱਸਟ ਵਲੋਂ ਕੀਤੀ ਇਸ ਮਦਦ ਲਈ ਸ਼ੁਕਰਾਨਾ ਕੀਤਾ ਹੈ। ਡਾ. ਓਬਰਾਏ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਦਾਦਾ ਨੂੰ ਗੁਜ਼ਾਰੇ ਲਈ ਟਰੱਸਟ ਵਲੋਂ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ।