ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੂਨ
ਕੌਮੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਤੇ ਭਾਜਪਾ ਨੇਤਾ ਵਿਜੇ ਸਾਂਪਲਾ ਨੇ ਅੱਜ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਦਲਿਤਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ। ਘੰਟਾ ਚੱਲੀ ਇਸ ਮੁਲਾਕਾਤ ਤੋਂ ਬਾਅਦ ਸ੍ਰੀ ਸਾਂਪਲਾ ਨੇ ਮੀਟਿੰਗ ਸਬੰਧੀ ਵੇਰਵੇ ਦੇਣ ਤੋਂ ਟਾਲਾ ਵੱਟਿਆ ਅਤੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਸਿਰਫ ਦਲਿਤਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਹੈ। ਉਨ੍ਹਾਂ ਨੇ ਮੀਟਿੰਗ ਦੌਰਾਨ ਕਿਸੇ ਸਿਆਸੀ ਮੁੱਦੇ ਅਤੇ ਕਿਸਾਨ ਮੋਰਚੇ ਬਾਰੇ ਗੱਲਬਾਤ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ ਅਤੇ ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ। ਦੂਜੇ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਆਖਿਆ ਕਿ ਦਲਿਤਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ ਚਰਚਾ ਕੀਤੀ ਗਈ ਹੈ। ਬਠਿੰਡਾ ਦੇ ਇਕ ਗੁਰਦੁਆਰੇ ਵਿੱਚ ਸਿੱਖ ਗ੍ਰੰਥੀ ਵੱਲੋਂ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਦੀ ਰਿਹਾਈ ਸਬੰਧੀ ਅਰਦਾਸ ਕੀਤੀ ਗਈ ਸੀ।