ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 5 ਫਰਵਰੀ
ਵਿਧਾਨ ਸਭਾ ਹਲਕਾ ਪੂਰਬੀ ਵਿੱਚ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ‘ਆਪ’ ਵਲੋਂ ਇਹ ਵੱਕਾਰੀ ਸੀਟ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਅਕਾਲੀ-ਬਸਪਾ ਉਮੀਦਵਾਰ ਬਿਕਰਮ ਸਿੰਘ ਮਜੀਠੀਆ, ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਅਤੇ ਭਾਜਪਾ ਗਠਜੋੜ ਦੇ ਜਗਮੋਹਨ ਸਿੰਘ ਰਾਜੂ (ਸੇਵਾ-ਮੁਕਤ ਆਈ.ਏ.ਐਸ ਅਫਸਰ) ਦੇ ਹੱਕ ਵਿੱਚ ਹਲਕੇ ਦੀ ਵਾਰਡ ਨੰਬਰ 46 ’ਚ ਤਿੰਨਾਂ ਪਾਰਟੀਆਂ ਦੇ ਸਮਰਥਕਾਂ ਵੱਲੋਂ ਅੱਜ ਕਾਲੜਾ ਹਸਪਤਾਲ ਅਜੀਤ ਨਗਰ ਨੇੜੇ ਪ੍ਰਚਾਰ ਦੇ ਪ੍ਰੋਗਰਾਮ ਰੱਖੇ ਗਏ ਸਨ। ਇਸੇ ਦੌਰਾਨ ਸਥਿਤੀ ਉਸ ਸਮੇਂ ਅਜੀਬੋ ਗਰੀਬ ਹੋ ਗਈ ਜਦੋਂ ਭਾਜਪਾ ਉਮੀਦਵਾਰ ਜਗਮੋਹਨ ਸਿੰਘ ਰਾਜੂ ਵਾਰਡ ਵਿੱਚ ਘਰ-ਘਰ ਪ੍ਰਚਾਰ ਕਰਦਿਆਂ ਕੱਟੜ ਕਾਂਗਰਸੀ ਤਜਿੰਦਰ ਸਿੰਘ ਕੇ.ਬੀ. ਦੇ ਘਰ ਪਹੁੰਚ ਗਏ। ਉਥੇ ਉਹ ਅਤੇ ਉਨ੍ਹਾਂ ਦੇ ਸਬੰਧੀ ਤੇ ਸੱਜਣ ਮਿੱਤਰ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੇ ਇੰਤਜ਼ਾਰ ਲਈ ਖੜ੍ਹੇ ਸਨ। ਜਗਮੋਹਨ ਸਿੰਘ ਰਾਜੂ ਦੇ ਨਾਲ ਮੈਂਬਰ ਰਾਜ ਸਭਾ ਸ਼ਵੇਤ ਮਲਿਕ, ਸਾਬਕਾ ਕੌਂਸਲਰ ਰਮਾ ਮਹਾਜਨ, ਕੰਵਰਬੀਰ ਸਿੰਘ ਮੰਜ਼ਿਲ ਅਤੇ ਹੋਰ ਆਗੂ ਮੌਜੂਦ ਸਨ।
ਮਨਜੀਤ ਸਿੰਘ ਦਸੂਹਾ ਦੇ ਹੱਕ ਵਿੱਚ ਚੋਣ ਮੁਹਿੰਮ
ਟਾਂਡਾ (ਪੱਤਰ ਪ੍ਰੇਰਕ): ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਜੀਤ ਸਿੰਘ ਦਸੂਹਾ ਦੇ ਹੱਕ ਵਿੱਚ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਇਥੋਂ ਦੇ ਗ੍ਰੇਟ ਪੰਜਾਬ ਸੈਲੀਬ੍ਰੇਸ਼ਨ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉੜਮੁੜ ਹਲਕੇ ਨੂੰ ਮਨਜੀਤ ਸਿੰਘ ਦਸੂਹਾ ਵਰਗਾ ਸੇਵਾ ਦੀ ਭਾਵਨਾ ਵਾਲਾ ਹੋਰ ਕੋਈ ਉਮੀਦਵਾਰ ਨਹੀਂ ਮਿਲ ਸਕਦਾ। ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 36 ਸਾਲਾਂ ਤੋਂ ਸਜ਼ਾ ਤੋਂ ਬਚਦੇ ਆ ਰਹੇ 1984 ਦੇ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਿੱਟ ਬਣਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਲਕੇ ਦੀ ਖੁਸ਼ਹਾਲੀ ਲਈ ਮਨਜੀਤ ਸਿੰਘ ਦਸੂਹਾ ਨੂੰ ਵੋਟ ਪਾ ਕੇ ਕਾਮਯਾਬ ਕਰਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ, ਜਨਰਲ ਸਕੱਤਰ ਅਵਤਾਰ ਸਿੰਘ ਜੌਹਲ ਮੌਜੂਦ ਸਨ।
ਮਜੀਠੀਆ ਨੂੰ ਉਡੀਕ ਰਹੇ ਢੋਲੀਆਂ ਦੀ ਥਾਪ ’ਤੇ ਵੀ ਨੱਚੇ ਜਗਮੋਹਨ ਰਾਜੂ
ਹਾਸੇ ਠੱਠੇ ਬਾਅਦ ਜਗਮੋਹਨ ਰਾਜੂ ਦਾ ਕਾਫਲਾ ਜਿਵੇਂ ਹੀ ਅੱਗੇ ਵਧ ਕੇ ਕਾਲੜਾ ਹਸਪਤਾਲ ਨੇੜੇ ਪਹੁੰਚਿਆ ਤਾਂ ਭੀੜ ਨੂੰ ਵੇਖ ਕੇ ਅਕਾਲੀ-ਬਸਪਾ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਉਡੀਕ ਕਰ ਰਹੇ ਢੋਲੀ ਇੱਕਦਮ ਢੋਲ ਵਜਾੳਣ ਲੱਗ ਪਏ ਤਾਂ ਭਾਜਪਾ ਉਮੀਦਵਾਰ ਜਗਮੋਹਨ ਸਿੰਘ ਰਾਜੂ ਖੁਸ਼ੀ ਵਿੱਚ ਖੀਵੇ ਹੋਏ ਅਚਾਨਕ ਨੱਚਣ ਲੱਗ ਪਏ ਪਰ ਅਸਲੀਅਤ ਸਾਹਮਣੇ ਆਉਣ ’ਤੇ ਇਸ ਕਾਫਲੇ ਨੂੰ ਉਥੋਂ ਅੱਗੇ ਰਵਾਨਾ ਹੋਣਾ ਪਿਆ। ਉਧਰ ਅਕਾਲੀ ਦਲ ਦੀ ਸਟੇਜ ਚਲਾ ਰਹੇ ਸਕੱਤਰ ਨੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਜਿੱਤ ਪੱਕੀ ਹੋ ਗਈ ਹੈ ਕਿਉਂਕਿ ਭਾਜਪਾ ਉਮੀਦਵਾਰ ਵੀ ਢੋਲ ਦੀ ਥਾਪ ’ਤੇ ਭੰਗੜਾ ਪਾ ਗਏ ਹਨ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਚੋਣ ਮੀਟਿੰਗਾਂ
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ) : ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿੰਡ ਬੱਦੋਵਾਲ ਖ਼ੁਰਦ, ਡੋਗਰ ਅਤੇ ਹੋਰਨਾਂ ਪਿੰਡਾਂ ’ਚ ਚੋਣ ਮੀਟਿੰਗ ਕਰਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਲਾਮਬੰਦ ਕੀਤਾ। ਸ੍ਰੀ ਬਾਜਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਹੋਇਆ ਹੈ ਅਤੇ ਲੋਕ ਇਸੇ ਵਿਕਾਸ ਨੂੰ ਮੁੱਖ ਰੱਖ ਕੇ ਕਾਂਗਰਸ ਪਾਰਟੀ ਨੂੰ ਇਕ ਹੋਰ ਮੌਕਾ ਦੇਣਗੇ।