ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਮਾਰਚ
ਅੱਜ ਇੱਥੇ ਆਜ਼ਾਦੀ ਘੁਲਾਟੀਆਂ ਦੀ ਧਰਤੀ ਦੇਸ਼ ਭਗਤ ਯਾਦਗਾਰ ਹਾਲ ਦੇ ਮੇਨ ਗੇਟ ਦੇ ਸਾਹਮਣੇ ਵਕੀਲਾਂ ਦਾ ਵਿਸ਼ਾਲ ਇਕੱਠ ਹੋਇਆ। ਇਸ ਦੀ ਅਗਵਾਈ ਨਵਜੋਤ ਕੌਰ ਸਿੱਧੂ, ਸੁਦੇਸ਼ ਕੁਮਰੀ, ਸੁਖਵੀਰ ਕੌਰ, ਅੰਜੂ ਅਤੇ ਇੰਦੂ ਨੇ ਕੀਤੀ। ਇਸ ਪ੍ਰੋਗਰਾਮ ਦਾ ਆਰੰਭ ਇਨਕਲਾਬੀ ਨਾਅਰਿਆਂ ‘ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’, ‘ਇਨਕਲਾਬ ਜ਼ਿੰਦਾਬਾਦ’ ਤੇ ‘ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ ਵਾਪਸ ਲਓ’ ਦੇ ਆਕਾਸ਼ ਗੂੰਜਾਊ ਨਾਅਰਿਆਂ ਨਾਲ ਹੋਈ। ਇਸ ਤੋਂ ਬਾਅਦ ਬਸੰਤੀ ਰੰਗ ਅਤੇ ਹਰੇ ਰੰਗ ਦੀਆਂ ਪੱਗਾਂ ਵਕੀਲਾਂ ਤੇ ਰਾਹਗੀਰਾਂ ਨੂੰ ਬੰਨ੍ਹੀਆਂ ਗਈਆਂ। ਇਸ ਮੌਕੇ ਆਗੂ ਰਜਿੰਦਰ ਸਿੰਘ ਮੰਡ ਐਡਵੋਕੇਟ ਨੇ ਕਿਹਾ ਕਿ ਸਾਨੂੰ ਇਨ੍ਹਾਂ ਕਾਲੇ ਅੰਗਰੇਜ਼ਾਂ, ਆਰਐੱਸਐੱਸ ਦੇ ਇਨ੍ਹਾਂ ਦੇ ਪਿੱਠੂਆਂ ਦੇ ਖਿਲਾਫ ਆਜ਼ਾਦੀ ਦੀ ਦੂਜੀ ਲੜਾਈ ਲੜਨੀ ਪਵੇਗੀ। ਮਾਰਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੀ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਅਤੇ ਵਕੀਲਾਂ ਨੇ ਆਸ਼ੀਰਵਾਦ ਦਿੱਤਾ। ਇਸ ਮੌਕੇ ਲਖਵੀਰ ਸਿੰਘ ਸੰਧੂ ਐਡਵੋਕੇਟ, ਸੀਨੀਅਰ ਐਡਵੋਕੇਟ ਅਮਰਜੀਤ ਸਿੰਘ ਸ਼ੇਰਗਿੱਲ, ਐਡਵੋਕੇਟ ਹਰਪ੍ਰੀਤ ਕੌਰ, ਐਡਵੋਕੇਟਜ਼ ਫਾਰ ਫਾਰਮਰਜ਼ ਤੇ ਲੇਬਰਰ ਜਥੇਬੰਦੀ ਦੀ ਤਿਆਰੀ ਕਮੇਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਕਾਹਲੋਂ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਮਬੱਤੀ ਮਾਰਚ
ਅੰਮ੍ਰਿਸਤਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਮੋਮਬੱਤੀ ਮਾਰਚ ਅੱਜ ਸ਼ਾਮ ਨੂੰ ਯੂਥ ਅਕਾਲੀ ਦਲ ਮਾਝਾ ਵਲੋਂ ਕੀਤਾ ਗਿਆ ਹੈ। ਮਾਰਚ ਰਾਹੀਂ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਥਾਨਕ ਰਣਜੀਤ ਐਵੀਨਿਊ ਵਿਚ ਕੀਤੇ ਮਾਰਚ ਵਿਚ ਯੂਥ ਅਕਾਲੀ ਦਲ ਮਾਝਾ ਤੋਂ ਇਲਾਵਾ ਜ਼ਿਲਾ ਅਕਾਲੀ ਜਥੇ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਮੈਂਬਰ ਲਾਲੀ ਰਣੀਕੇ, ਰਾਣਾ ਰਣਜੀਤ ਸਿੰਘ, ਜੋਧ ਸਿੰਘ ਸਮਰਾ, ਗੁਰਜੀਤ ਸਿੰਘ ਸ਼ਾਮਲ ਸਨ। ਨੌਜਵਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੈਨਰ ਵੀ ਚੁੱਕੇ ਹੋਏ ਸਨ।