ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਸਤੰਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਿਛਲੇ ਦਿਨੀਂ ਨਿਹੰਗਾਂ ਅਤੇ ਡੇਰਾ ਬਿਆਸ ਦੇ ਪੈਰੋਕਾਰਾਂ ਵਿਚਾਲੇ ਹੋਈ ਲੜਾਈ ਵਿੱਚ ਜ਼ਖ਼ਮੀ ਹੋਏ ਨਿਹੰਗ ਸਿੰਘਾਂ ਦਾ ਅੱਜ ਹਾਲ-ਚਾਲ ਜਾਣਿਆ। ਉਨ੍ਹਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵਿੰਗ ਪੰਜਾਬ ਦੇ ਚੇਅਰਮੈਨ ਡਾ. ਮਨਜੀਤ ਸਿੰਘ ਭੋਮਾ ਵੀ ਹਾਜ਼ਰ ਸਨ। ਉਨ੍ਹਾਂ ਨੇ ਜ਼ਖ਼ਮੀਆਂ ਦਾ ਪਤਾ ਲੈਣ ਤੋਂ ਬਾਅਦ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪੰਜਾਬ ਦੀ ਸ਼ਾਂਤ ਫ਼ਿਜ਼ਾ ਵਿੱਚ ਇਹ ਟਕਰਾਅ ਮੰਦਭਾਗਾ ਹੈ। ਪੰਥ ਅਕਾਲੀ ਤਰਨਾ ਦਲ ਬਾਬਾ ਬਕਾਲਾ ਜਥੇਬੰਦੀ ਸਿੱਖ ਪੰਥ ਦੀ ਸਤਿਕਾਰਯੋਗ ਸੰਪਰਦਾ ਹੈ ਜਿਸ ਦੇ ਸਾਬਕਾ ਮੁਖੀ ਮਰਹੂਮ ਬਾਬਾ ਪਾਲਾ ਸਿੰਘ ਹਜ਼ਾਰਾਂ ਗਊਆਂ ਦੀ ਸਾਂਭ ਸੰਭਾਲ ਦਾ ਕੰਮ ਕਰਦੇ ਸਨ। ਉਨ੍ਹਾਂ ਤੋਂ ਬਾਅਦ ਬਾਬਾ ਭਰਥ ਆਪਣੇ ਸਾਥੀਆਂ ਸਮੇਤ ਗਊਆਂ ਦੀ ਸਾਂਭ ਸੰਭਾਲ ਕਰਦੇ ਹਨ। ਡੇਰਾ ਬਿਆਸ ਦੇ ਨੇੜੇ ਅਤੇ ਹੋਰ ਥਾਵਾਂ ’ਤੇ ਗਊਆਂ ਨੂੰ ਚਾਰਨ ਵਾਸਤੇ ਲਿਜਾਂਦੇ ਰਹਿੰਦੇ ਹਨ ਪਰ ਪਿਛਲੇ ਦਿਨੀਂ ਡੇਰਾ ਬਿਆਸ ਦੇ ਪੈਰੋਕਾਰਾਂ ਦੇ ਨਾਲ ਕਿਸੇ ਮਸਲੇ ਨੂੰ ਲੈ ਕੇ ਜੋ ਆਪਸੀ ਟਕਰਾਅ ਹੋ ਗਿਆ ਸੀ ਜਿਸ ਨੂੰ ਪੁਲੀਸ ਨੇ ਵਿਚਾਲੇ ਪੈ ਕੇ ਕੰਟਰੋਲ ਕੀਤਾ। ਉਨਾਂ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚਾਲੇ ਪੈ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ, ਦਲਜੀਤ ਸਿੰਘ ਪਾਖਰਪੁਰਾ, ਹੈਡਮਾਸਟਰ ਪਲਵਿੰਦਰ ਸਿੰਘ, ਡਾਕਟਰ ਲਖਵਿੰਦਰ ਸਿੰਘ, ਸੁਖਜਿੰਦਰ ਸਿੰਘ ਮਜੀਠਾ, ਸੁਰਿੰਦਰ ਸਿੰਘ ਤਾਲਬਿਪੁਰਾ, ਐਡਵੋਕੇਟ ਗਗਨਦੀਪ ਸਿੰਘ ਏਆਰ ਜੰਡਿਆਲਾ ਤੇ ਸਿੱਖ ਪ੍ਰਚਾਰਕ ਭਾਈ ਅੰਗਰੇਜ ਸਿੰਘ ਆਦਿ ਹਾਜ਼ਰ ਸਨ।