ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਾਰਚ
ਯੂਕਰੇਨ ਵਿਚ ਫਸੇ ਵਿਦਿਆਰਥੀਆਂ ਤੇ ਹੋਰਨਾਂ ਦੀ ਸੁਰੱਖਿਅਤ ਵਾਪਸੀ ਲਈ ਮਦਦ ਵਾਸਤੇ ਪੋਲੈਂਡ ਗਏ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਵਾਪਸ ਪਰਤ ਆਏ ਹਨ। ਅੱਜ ਪਰਤੇ ਸ੍ਰੀ ਔਜਲਾ ਨੇ ਇੱਥੇ ਯੂਕਰੇਨ ਤੋਂ ਆਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਮਾਪਿਆਂ ਵਲੋਂ ਸੰਸਦ ਮੈਂਬਰ ਨੂੰ ਉਨ੍ਹਾਂ ਵਲੋਂ ਕੀਤੇ ਯਤਨਾਂ ਲਈ ਸਨਮਾਨਿਆ ਗਿਆ ਹੈ।
ਸ੍ਰੀ ਔਜਲਾ ਨੇ ਦੱਸਿਆ ਕਿ ਖਾਰਕੀਵ ਵਿੱਚੋਂ ਅੱਠ ਮਾਰਚ ਨੂੰ ਬਾਕੀ ਰਹਿੰਦੇ ਸਾਰੇ ਭਾਰਤੀ ਵਿਦਿਆਰਥੀ ਬੱਸਾਂ ਰਾਹੀਂ ਸੁਰੱਖਿਅਤ ਪਰਤ ਆਏ ਸਨ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਉਹ ਖ਼ੁਦ ਵੀ ਦੇਸ਼ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਆਪਣੇ ਪੰਜ ਦਿਨ ਦੇ ਠਹਿਰਾਅ ਦੌਰਾਨ ਉਨ੍ਹਾਂ ਕੁਝ ਸਮਾਂ ਪੋਲੈਂਡ ਦੇ ਵਰਸੋਵਾ ਸ਼ਹਿਰ ਵਿਚ ਬਿਤਾਇਆ ਹੈ। ਉਹ ਕੁਝ ਦਿਨ ਪੋਲੈਂਡ-ਯੂਕਰੇਨ ਦੇ ਬਾਰਡਰ ਬੁਧਮਾਇਰ ’ਤੇ ਵੀ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਸੰਸਦ ਵਿਚ ਇਹ ਮੰਗ ਰੱਖਣਗੇ ਕਿ ਯੂਕਰੇਨ ਤੋਂ ਪਰਤੇ ਹਰ ਵਿਦਿਆਰਥੀ ਦੀ ਬਾਕੀ ਰਹਿੰਦੀ ਪੜ੍ਹਾਈ ਨੂੰ ਭਾਰਤ ਵਿਚ ਮੁਕੰਮਲ ਕਰਾਉਣ ਦਾ ਪ੍ਰਬੰਧ ਕੀਤਾ ਜਾਵੇ।