ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਸਤੰਬਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਦੇ ਵਿਰੁੱਧ ਸ਼ਿਕੰਜਾ ਕੱਸਦਿਆਂ ਸਿਵਲ ਲਾਈਨ ਉਪਮੰਡਲ ਤੇ ਇਸਲਾਮਾਬਾਦ ਉਪਮੰਡਲ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ ਚੈਕਿੰਗ ਕੀਤੀ ਗਈ, ਜਿਸ ਵਿੱਚ ਵੱਖ ਵੱਖ ਟੀਮਾਂ ਵੱਲੋਂ ਬਿਜਲੀ ਚੋਰੀ ਫੜਣ ਲਈ ਛਾਪੇਮਾਰੀ ਕਰਦਿਆਂ 9 ਮੀਟਰ ਬਿਜਲੀ ਚੋਰੀ ਦੇ ਸ਼ੱਕ ਦੇ ਆਧਾਰ ਤੇ ਪੈਕ ਕਰਕੇ ਐੱਮ.ਈ. ਲੈਬ ਵਿੱਚੋਂ ਚੈੱਕ ਕਰਵਾਏ ਗਏ। ਮੁੱਖ ਇੰਜੀਨੀਅਰ ਬਾਰਡਰ ਜ਼ੋਨ ਇੰਜ: ਬਾਲ ਕ੍ਰਿਸ਼ਨ ਨੇ ਦੱਸਿਆ ਕਿ ਜਾਂਚ ਕਰਵਾਏ ਜਾਣ ਮਗਰੋਂ ਪਤਾ ਲਗਾ ਹੈ ਕਿ ਇਨ੍ਹਾਂ ਮੀਟਰ ਦੀਆਂ ਸੀਲਾਂ ਟੈਂਪਰ ਕਰਕੇ ਸਰਕਟ ਵਿੱਚ ਰਜਿਸਟੈਂਸ ਲਗਾ ਕੇ ਜਾਂ ਤਾਰਾਂ ਕੱਟ ਕੇ ਵੱਖ ਵੱਖ ਢੰਗਾਂ ਨਾਲ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ। ਇਨ੍ਹਾਂ 9 ਮੀਟਰਾਂ ਦੇ ਖਪਤਕਾਰਾਂ ਦਾ ਬਿਜਲੀ ਦਾ ਲੋਡ 49.18 ਕਿਲੋਵਾਟ ਚਲਦਾ ਪਇਆ ਗਿਆ । ਇਨ੍ਹਾਂ ਨੂੰ ਬਿਜਲੀ ਚੋਰੀ ਲਈ 6.84 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਬਿਜਲੀ ਚੋਰੀ ਵਿੱਚ ਸ਼ਾਮਲ ਇਨ੍ਹਾਂ ਖਪਤਕਾਰਾਂ ਦੇ ਬਿਜਲੀ ਕਨੈਕਸ਼ਨਾਂ ਨੂੰ ਕੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਬਿਜਲੀ ਚੋਰੀ ਰੌਕਣ ਲਈ ਲਗਾਤਾਰ ਛਾਪੇ ਮਾਰੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨਾ ਕਰਨ ਅਤੇ ਸਰਕਾਰ ਵੱਲੋਂ ਦਿੱਤੇ 600 ਯੂਨਿਟ ਮੁਆਫ਼ੀ ਦਾ ਲਾਭ ਲੈਦੇ ਹੋਏ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ।