ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਫਰਵਰੀ
ਜ਼ਿਲ੍ਹਾ ਅੰਮ੍ਰਿਤਸਰ ‘ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੋਲਿੰਗ ਸਟਾਫ ਦੀ ਵੱਖ-ਵੱਖ ਥਾਵਾਂ ’ਤੇ ਰਿਹਰਸਲ ਕਰਵਾਈ ਗਈ ਤੇ ਜ਼ਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਰਿਹਰਸਲਾਂ ਦਾ ਜਾਇਜ਼ਾ ਲਿਆ। ਰਿਹਰਸਲਾਂ ਦਾ ਜਾਇਜ਼ਾ ਲੈਣ ਉਪਰੰਤ ਖਹਿਰਾ ਨੇ ਕਿਹਾ ਕਿ ਜਿਹੜੇ ਕਰਮਚਾਰੀ ਚੋਣ ਰਿਹਰਸਲ ਵਿੱਚ ਗੈਰਹਾਜ਼ਰ ਰਹੇ, ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਰਮਚਾਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਉਹ ਰਿਹਰਸਲਾਂ ਵਾਲੇ ਦਿਨ ਸਮੇਂ ਸਿਰ ਆਪਣੀ ਡਿਊਟੀ ਤੇ ਰਿਪੋਰਟ ਕਰਨ ਅਤੇ ਜਿਹੜੇ ਕਰਮਚਾਰੀ ਆਪਣੀ ਚੋਣ ਰਿਹਸਲ ਵਿੱਚ ਨਹੀਂ ਪਹੁੰਚੇ, ਉਨ੍ਹਾਂ ਨੂੰ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 2218 ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰਿਹਰਸਲ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਹਿਸਾਬ ਨਾਲ 10664 ਚੋਣ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਸਟਾਫ ਦਾ ਅਭਿਆਸ 17 ਫਰਵਰੀ ਨੂੰ ਰਿਟਰਨਿੰਗ ਅਧਿਕਾਰੀਆਂ ਵਲੋਂ ਕਰਵਾਇਆ ਜਾਵੇਗਾ ਤੇ 19 ਫਰਵਰੀ ਨੂੰ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ।