ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਫਰਵਰੀ
ਆਮ ਆਦਮੀ ਪਾਰਟੀ ਨੇ ਅੱਜ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਨੂੰ ਇਕ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਹਲਕਾ ਪੂਰਬੀ, ਹਲਕਾ ਦੱਖਣੀ, ਹਲਕਾ ਕੇਂਦਰੀ ਸਮੇਤ ਕੁਝ ਹੋਰ ਹਲਕਿਆਂ ਵਿਚ ਸ਼ਾਮਲ ਇਲਾਕਿਆਂ ਨੂੰ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਇਲਾਕੇ ਮੰਨਦੇ ਹੋਏ ਇਥੇ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣ ਤਾਂ ਜੋ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਪੂਰਾ ਹੋ ਸਕੇ।
ਆਪ ਦੇ ਲੀਗਲ ਸੈਲ ਦੇ ਮੀਤ ਪ੍ਰਧਾਨ ਵਕੀਲ ਪਰਮਿੰਦਰ ਸਿੰਘ ਸੇਠੀ ਦੀ ਅਗਵਾਈ ਹੇਠ ਆਪ ਆਗੂਆਂ ਦੇ ਇਕ ਵਫਦ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ ਅਤੇ ਪੈਸੇ ਵੰਡੇ ਜਾ ਰਹੇ ਹਨ ਪਰ ਪੁਲੀਸ ਚੁਪ ਹੈ।
ਉਨ੍ਹਾਂ ਦਸਿਆ ਕਿ ਹਲਕਾ ਪੂਰਬੀ ਦੇ ਇਲਾਕੇ ਮਕਬੂਲਪੁਰਾ, ਰਸੂਲਪੁਰਾ, ਨਿਊ ਗੋਲਡਨ ਐਵੀਨਿਊ, ਮੋਹਕਮਪੁਰਾ, ਵੇਰਕਾ, ਵੱਲਾ ਦੀ ਵਾਰਡ ਨੰਬਰ 31 ਗਰੀਬ ਇਲਾਕਾ ਹੈ ਅਤੇ ਇਥੇ ਵੋਟਰਾਂ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ। ਹਲਕਾ ਦੱਖਣੀ ਦੇ ਪਿੰਡ ਸੁਲਤਾਨਵਿੰਡ , ਵਾਰਡ ਨੰਬਰ 33, 34, 35, 64, 65, 66, ਕੋਟ ਮਿਤ ਸਿੰਘ, ਖਾਲਸਾ ਨਗਰ ਆਦਿ ਵਿਚ ਵੀ ਵੋਟਰਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਲਾਏ ਗਏ ਹਨ। ਕੇਂਦਰੀ ਹਲਕੇ ਵਿਚ ਬੰਗਲਾ ਬਸਤੀ, ਅੰਨਗੜ, ਲਾਲ ਕੁਆਟਰ, ਪਿੰਡ ਮੂਲੇ ਚੱਕ ਵਿਚ ਵੋਟਰਾਂ ਦੀ ਖਰੀਦੋ ਫਰੋਖ ਲਈ ਪੈਸੇ ਵੰਡਣ ਦੇ ਦੋਸ਼ ਲਾਏ ਹਨ। ਇਸੇ ਤਰ੍ਹਾਂ ਹਲਕਾ ਪੱਛਮੀ ਵਿਚ ਛੇਹਰਟਾ, ਗਵਾਲ ਮੰਡੀ, ਨਰਾਇਣਗੜ, ਕੋਟ ਖਾਲਸਾ ਅਤੇ ਹਲਕਾ ਉਤਰੀ ਵਿਚ ਫੈਜਪੁਰਾ, ਚਾਂਦ ਐਵੀਨਿਊ, ਸੂਰਜ ਐਵਨਿਊ, ਕਬੀਰ ਨਗਰ, ਕਮਲਾ ਦੇਵੀ ਨਗਰ, ਤੁੰਗ ਬਾਲਾ, ਪ੍ਰੀਤ ਨਗਰ ਨੰਗਲੀ ਭੱਠਾ ਤੇ ਹੋਰ ਇਲਾਕਿਆਂ ਵਿਚ ਹਾਕਮ ਧਿਰ ਅਤੇ ਅਕਾਲੀਆਂ ਵਲੋਂ ਪੈਸੇ ਅਤੇ ਬਲ ਦੀ ਵਰਤੋਂ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਨੇ ਅਜਨਾਲਾ, ਮਜੀਠਾ, ਬਾਬਾ ਬਕਾਲਾ, ਜੰਡਿਆਲਾ ਅਤੇ ਅਟਾਰੀ ਵਿਚ ਵੀ ਇਸੇ ਤਰ੍ਹਾਂ ਦੇ ਦੋਸ਼ ਲਾਏ ਹਨ।