ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਗਸਤ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਰਾਜ ਵਿੱਚ ਬਿਜਲੀ ਚੋਰੀ ਨੂੰ ਰੈਕਣ ਲਈ ਸ਼ੁਰੂ ਕੀਤੀ ਮਹਿੰਮ ਦੇ ਚੰਗੇ ਨਤੀਜੇ ਆ ਰਹੇ ਹਨ। ਬਾਰਡਰ ਜ਼ੋਨ ਦੇ ਮੁੱਖ ਇੰਜਨੀਅਰ ਬਾਲ ਕ੍ਰਿਸ਼ਨ ਨੇ ਦੱਸਿਆ ਹੈ ਕਿ ਤਰਨਤਾਰਨ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਬਿਜਲੀ ਨਿਗਮ ਦੀਆਂ ਟੀਮਾਂ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ 650 ਵਖ-ਵਖ ਸ਼੍ਰੇਣੀਆਂ ਦੇ ਖਪਤਕਾਰਾਂ ਦੀਆਂ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਜਿਸ ਦੇ ਤਹਿਤ ਬਿਜਲੀ ਚੋਰੀ ਦੇ ਮਾਮਲੇ ਵਿਚ 75 ਖਪਤਕਾਰ ਬਿਜਲੀ ਚੋਰੀ ਕਰਦੇ ਫੜੇ ਗਏ, ਜਿਨ੍ਹਾਂ ਨੂੰ 15.40 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਕ ਪੈਟਰੋਲ ਪੰਪ ਅਲਾਵਲਪੁੱਰ ਨੂੰ ਵੀ ਜੁਰਮਾਨਾ ਕੀਤਾ ਗਿਆ ਜੋ ਕਿ ਕਪੈਸਟਰ ਲਗਾ ਕੇ ਬਿਜਲੀ ਚੋਰੀ ਕਰਦਾ ਪਾਇਆ ਗਿਆ। ਇਸ ਦਾ ਲੋਡ 9 ਕਿਲੋ ਵਾਟ ਚਲਦਾ ਪਇਆ ਗਿਆ। ਬਿਜਲੀ ਚੋਰੀ ਦਾ 3.47 ਲੱਖ ਰੁਪਏ ਦਾ ਜੁਰਮਾਨਾ ਪਇਆ ਗਿਆ ਅਤੇ ਮੌਕੇ ਤੇ ਕੁਨੈਕਸ਼ਨ ਕੱਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਖਪਤਕਾਰ ਵੱਲੋ ਬਿਜਲੀ ਚੋਰੀ ਦੀ ਸਾਰੀ ਰਕਮ ਤੁਰੰਤ ਜਮ੍ਹਾ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਸਰਕਲ ਵਿੱਚ ਲਗਪਗ 50 ਫੀਸਦੀ ਬਿਜਲੀ ਚੋਰੀ ਹੋ ਰਹੀ ਹੈ। ਭਿੱਖੀਵਿੰਡ ਤੇ ਪੱਟੀ ਦੇ ਖੇਤਰ ਵਿਚ ਬਿਜਲੀ ਚੋਰੀ ਵੀ ਵੱਡੇ ਪੱਧਰ ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਬਿਜਲੀ ਚੋਰੀ ਰੌਕਣ ਲਈ ਲਗਾਤਾਰ ਅਜਿਹੀ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨਾ ਕਰਨ ਅਤੇ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ।