ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੂਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵਿੱਚ ਪੰਜ ਰੋਜ਼ਾ ਪ੍ਰਦਰਸ਼ਨੀ ‘ਹੁਨਰ ਹਾਟ’ ਸਮਾਪਤ ਹੋ ਗਈ। ਇਸ ਪ੍ਰਦਰਸ਼ਨੀ ਵਿੱਚ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ਵਿਭਾਗ ਦੀ ਮੁਖੀ ਪ੍ਰੋ. (ਡਾ.) ਸ਼ਵੇਤਾ ਸੇਨੋਏ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਕਿੱਤਾਮੁਖੀ ਹੁਨਰਾਂ ਨੂੰ ਅਪਣਾ ਕੇ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕੀਤਾ। ਵਿਭਾਗ ਦੀ ਡਾਇਰੈਕਟਰ ਪ੍ਰੋ. ਸਰੋਜ ਬਾਲਾ ਨੇ ਟੈਕਸਟਾਈਲ ਪ੍ਰਿੰਟਿੰਗ ਵਿੱਚ ਵਰਤੇ ਜਾਂਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਪ੍ਰੋਗਰਾਮ ਸਹਾਇਕ ਸ੍ਰੀਮਤੀ ਤੇਜਪਾਲ ਕੌਰ ਨੇ ਕਢਾਈ ਅਤੇ ਸਿਲਾਈ ਦੀ ਸਿਖਲਾਈ ਬਾਰੇ ਦੱਸਿਆ।