ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਸਤੰਬਰ
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਸਾਬਕਾ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ ਅੱਜ ਆਖਿਆ ਕਿ ਮਈ 2016 ਵਿੱਚ 14 ਨਹੀਂ ਸਗੋਂ 80 ਸਰੂਪ ਨੁਕਸਾਨੇ ਗਏ ਸਨ ਅਤੇ ਰਿਕਾਰਡ ਵਿੱਚ ਘਟੇ ਸਰੂਪ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਕਹਿਣ ’ਤੇ ਹੀ ਅਗਾਂਹ ਦਿੱਤੇ ਜਾਂਦੇ ਸਨ। ਲੰਮੇ ਸਮੇਂ ਮਗਰੋਂ ਮੀਡੀਆ ਸਾਹਮਣੇ ਆਏ ਇਸ ਸਾਬਕਾ ਕਰਮਚਾਰੀ ਨੇ ਇੱਕ ਲਿਖਤੀ ਬਿਆਨ ਵੀ ਜਾਰੀ ਕੀਤਾ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਅਜਿਹੀਆਂ ਕੱਚੀਆਂ ਪਰਚੀਆਂ ਦਾ ਰਿਕਾਰਡ ਸੰਭਾਲ ਕੇ ਰੱਖਿਆ ਹੋਇਆ ਹੈ। ਉਸ ਨੇ ਆਪਣੇ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਕਈ ਉਚ ਅਧਿਕਾਰੀਆਂ ਦੇ ਨਾਵਾਂ ਦਾ ਵੀ ਖੁਲਾਸਾ ਕੀਤਾ , ਜਿਨ੍ਹਾਂ ਦੀ ਸਿਫਾਰਸ਼ ’ਤੇ ਪਾਵਨ ਸਰੂਪ ਅਗਾਂਹ ਦਿੱਤੇ ਸਨ। ਇਨ੍ਹਾਂ ਵਿੱਚ ਸਾਬਕਾ ਅਤੇ ਮੌਜੂਦਾ ਅਧਿਕਾਰੀਆ ਦੇ ਨਾਂਅ ਵੀ ਸ਼ਾਮਲ ਹਨ। ਉਸ ਨੇ ਆਖਿਆ ਕਿ ਜਦੋਂ ਪਬਲੀਕੇਸ਼ਨ ਵਿਭਾਗ ਵਿਚ ਅੱਗ ਲਗੀ ਸੀ, ਉਸ ਵੇਲੇ ਉਸ ਨੂੰ ਵੀ ਦੂਰ ਰੱਖਿਆ ਗਿਆ ਸੀ।