ਸਮਰਥਨ ਮੁੱਲ ਤੋਂ ਘੱਟ ਭਾਅ ’ਤੇ ਵਿਕਿਆ ਸੱਤ ਹਜ਼ਾਰ ਕੁਇੰਟਲ ਨਰਮਾ

ਕਿਸਾਨਾਂ ਦੇ ਤੌਖਲੇ ਵਧੇ; ਮਜਬੂਰੀ ਵੱਸ ਕਿਸਾਨ ਨਰਮਾ ਵਪਾਰੀਆਂ ਕੋਲ ਵੇਚਣ ਲਈ ਮਜਬੂਰ

ਸਮਰਥਨ ਮੁੱਲ ਤੋਂ ਘੱਟ ਭਾਅ ’ਤੇ ਵਿਕਿਆ ਸੱਤ ਹਜ਼ਾਰ ਕੁਇੰਟਲ ਨਰਮਾ

ਚਰਨਜੀਤ ਭੁੱਲਰ

ਚੰਡੀਗੜ੍ਹ, 20 ਸਤੰਬਰ

ਪਾਰਲੀਮੈਂਟ ’ਚ ਖੇਤੀ ਕਾਨੂੰਨ ਬਣਨ ਦੇ ਦੌਰਾਨ ਹੀ ਪੰਜਾਬ ਦੀ ਨਰਮਾ ਬੈਲਟ ’ਚ ਕਰੀਬ ਸੱਤ ਹਜ਼ਾਰ ਕੁਇੰਟਲ ਨਰਮਾ ਮਿੱਟੀ ਦੇ ਭਾਅ ਵਪਾਰੀ ਤਬਕੇ ਨੇ ਖਰੀਦ ਕੀਤਾ ਹੈ। ਨਰਮਾ ਮੰਡੀਆਂ ਵਿਚ ਅਗੇਤਾ ਨਰਮਾ 13 ਸਤੰਬਰ ਤੋਂ ਪੁੱਜਣਾ ਸ਼ੁਰੂ ਹੋ ਗਿਆ ਸੀ। ਨਰਮੇ ਦੀ ਕੋਈ ਵੀ ਢੇਰੀ ਘੱਟੋ ਘੱਟ ਸਮਰਥਨ ਭਾਅ ’ਤੇ ਨਹੀਂ ਤੁਲੀ ਹੈ। ਕਿਸਾਨੀ ਦੇ ਤੌਖਲੇ ਸਰਕਾਰੀ ਕੀਮਤਾਂ ਨੂੰ ਲੈ ਕੇ ਵੱਧ ਗਏ ਹਨ। ਪੰਜਾਬ ਮੰਡੀ ਬੋਰਡ ਦੇ ਵੇਰਵਿਆਂ ਅਨੁਸਾਰ ਪੰਜਾਬ ਦੀਆਂ ਨਰਮਾ ਮੰਡੀਆਂ ਵਿੱਚ ਹੁਣ ਤੱਕ 6859 ਕੁਇੰਟਲ ਨਰਮਾ ਵਿਕਿਆ ਹੈ ਜੋ ਘੱਟੋ ਘੱਟ ਸਮਰਥਨ ਮੁੱਲ ਦੇ ਯੋਗ ਨਹੀਂ ਸਮਝਿਆ ਗਿਆ। 

ਕਿਸਾਨਾਂ ਕੋਲ ਚਾਰਾ ਨਹੀਂ, ਜਿਸ ਕਰਕੇ ਉਹ ਮਜਬੂਰੀ ’ਚ ਫ਼ਸਲ ਵਪਾਰੀਆਂ ਕੋਲ ਵੇਚਣ ਲਈ ਮਜਬੂਰ ਹਨ। ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨਰਮੇ ਦੀ ਹੁਣ ਤੱਕ ਖਰੀਦ ਹੋਈ ਹੈ। ਜ਼ਿਲ੍ਹਾ ਸੰਗਰੂਰ ’ਚ ਹੁਣ ਤੱਕ 3600 ਕੁਇੰਟਲ ਨਰਮਾ ਵਿਕਿਆ ਹੈ, ਜਿਸ ਦਾ ਕਿਸਾਨਾਂ ਨੂੰ ਔਸਤਨ ਭਾਅ 4450 ਰੁਪਏ ਪ੍ਰਤੀ ਕੁਇੰਟਲ ਮਿਲਿਆ ਹੈ ਜਦੋਂਕਿ ਲੰਮੇ ਰੇਸ਼ੇ ਵਾਲੇ ਨਰਮੇ ਦਾ ਸਰਕਾਰੀ ਭਾਅ 5825 ਰੁਪਏ ਅਤੇ ਦਰਮਿਆਨੇ ਰੇਸ਼ੇ ਵਾਲੇ ਨਰਮੇ ਦਾ ਸਰਕਾਰੀ ਭਾਅ 5515 ਰੁਪਏ ਹੈ। ਬੇਸ਼ੱਕ ਕੇਂਦਰ ਸਰਕਾਰ ਨੇ ਐਤਕੀਂ ਨਰਮੇ ਦੀ ਭਾਅ ਵਿੱਚ 260 ਤੋਂ 275 ਰੁਪਏ ਦਾ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ ਪਰ ਕਿਸਾਨਾਂ ਨੂੰ ਲੁਟਣਾ ਪੈ ਰਿਹਾ ਹੈ।

ਬਰਨਾਲਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਭਾਅ ’ਤੇ ਫ਼ਸਲ ਵਿਕੀ ਹੈ, ਜਿਥੇ 276 ਕੁਇੰਟਲ ਨਰਮਾ 3900 ਰੁਪਏ ਤੋਂ ਲੈ ਕੇ 4100 ਰੁਪਏ ਤੱਕ ਵਿਕਿਆ ਹੈ। ਇਸੇ ਤਰ੍ਹਾਂ ਫਾਜ਼ਿਲਕਾ 1022 ਕੁਇੰਟਲ ਨਰਮਾ ਪੰਜ ਹਜ਼ਾਰ ਰੁਪਏ ਦੇ ਭਾਅ ’ਤੇ ਵਿਕਿਆ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ 695 ਕੁਇੰਟਲ ਨਰਮਾ ਹੁਣ ਤੱਕ ਵਿਕਿਆ ਹੈ, ਜਿਸ ਦਾ ਕਿਸਾਨਾਂ ਨੂੰ 4670 ਰੁਪਏ ਪ੍ਰਤੀ ਕੁਇੰਟਲ ਮਿਲਿਆ ਹੈ। ਜ਼ਿਲ੍ਹਾ ਮਾਨਸਾ ਵਿਚ ਨਰਮਾ ਪ੍ਰਤੀ ਕੁਇੰਟਲ 4885 ਰੁਪਏ ਵਿਕਿਆ ਹੈ ਅਤੇ ਇਸ ਜ਼ਿਲ੍ਹੇ ਵਿਚ ਹੁਣ ਤੱਕ 1165 ਕੁਇੰਟਲ ਨਰਮਾ ਵਿਕਿਆ ਹੈ। ਪਿਛਲੇ ਵਰ੍ਹੇ ਹੁਣ ਤੱਕ ਨਰਮਾ ਮੰਡੀਆਂ ਵਿੱਚ 11,294 ਕੁਇੰਟਲ ਪੁੱਜਾ ਸੀ। 

ਨਰਮੇ ਦਾ ਭਾਅ ਘੱਟ ਹੋਣ ਕਰਕੇ ਕਿਸਾਨ ਮੰਡੀਆਂ ਵਿਚ ਆਉਣ ਤੋਂ ਗੁਰੇਜ਼ ਵੀ ਕਰ ਰਹੇ ਹਨ। ਲੋੜਵੰਦ ਕਿਸਾਨਾਂ ਨੂੰ ਵਪਾਰੀ ਤਬਕੇ ਕੋਲ ਫ਼ਸਲ ਵੇਚਣੀ ਪੈ ਰਹੀ ਹੈ। 

ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਦਾ ਕਹਿਣਾ ਸੀ ਕਿ ਨਰਮੇ ਤੇ ਬਾਸਮਤੀ ਦੇ ਭਾਅ ਤੋਂ ਹੁਣ ਗੱਲ ਲੁਕੀ ਛਿਪੀ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਭਨਾਂ ਨੂੰ ਹੋਰ ਚਾਨਣ ਹੋ ਜਾਵੇਗਾ ਅਤੇ ਸਿਆਸੀ ਪਾਰਟੀਆਂ ਦੀ ਭੂਮਿਕਾ ਵੀ ਜੱਗ ਜ਼ਾਹਿਰ ਹੋਵੇਗੀ। ਵੇਰਵਿਆਂ ਅਨੁਸਾਰ ਅੰਮ੍ਰਿਤਸਰ ਅਤੇ ਪਟਿਆਲਾ ਜ਼ਿਲ੍ਹੇ ਵਿਚ ਬਾਸਮਤੀ ਦੀ ਫ਼ਸਲ ਪੁੱਜਣੀ ਸ਼ੁਰੂ ਹੋ ਗਈ ਹੈ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤੱਕ 23,592 ਕੁਇੰਟਲ ਬਾਸਮਤੀ ਦੀ ਫਸਲ ਪੁੱਜੀ ਹੈ, ਜਿਥੇ ਭਾਅ 1710 ਤੋਂ 2175 ਰੁਪਏ ਮਿਲ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ਵਿੱਚ 337 ਕੁਇੰਟਲ ਫ਼ਸਲ ਪੁੱਜੀ ਹੈ, ਜਿਥੇ ਭਾਅ ਪ੍ਰਤੀ ਕੁਇੰਟਲ 1700 ਤੋਂ 2135 ਰੁਪਏ ਤੱਕ ਹੈ। ਨਵਾਂ ਸ਼ਹਿਰ ਵਿੱਚ 77 ਕੁਇੰਟਲ ਅਤੇੇ ਸੰਗਰੂਰ ਜ਼ਿਲ੍ਹੇ ਵਿਚ 40 ਕੁਇੰਟਲ ਫ਼ਸਲ ਪੁੱਜੀ ਹੈ। 

ਕੇਂਦਰੀ ਨੀਅਤ ਬੇਪਰਦ ਹੋਈ: ਚੇਅਰਮੈਨ

ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਮੱਕੀ ਅਤੇ ਨਰਮੇ ਦਾ ਸਰਕਾਰੀ ਭਾਅ ’ਤੇ ਨਾ ਵਿਕਣਾ ਕੇਂਦਰ ਦੀ ਨੀਅਤ ਨੂੰ ਨੰਗਾ ਕਰਦਾ ਹੈ। ਉਨ੍ਹਾਂ ਕਿਹਾ ਕਿ ਏਦਾਂ ਲੱਗਦਾ ਹੈ ਕਿ ਸਰਕਾਰੀ ਭਾਅ ਹੁਣ ਤੋਂ ਹੀ ਕਾਗਜ਼ੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੀ ਫ਼ਸਲ ਲਈ ਮੰਡੀ ਬੋਰਡ ਨੇ ਆਪਣੀ ਤਰਫੋਂ ਖਰੀਦ ਪ੍ਰਬੰਧ ਪੂਰੇ ਕਰ ਲਏ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All