ਰਾਮ ਸ਼ਰਨ ਸੂਦ/ਡਾ. ਹਿਮਾਂਸ਼ੂ ਸੂਦ
ਅਮਲੋਹ/ਫ਼ਤਹਿਗੜ੍ਹ ਸਾਹਿਬ, 11 ਅਕਤੂਬਰ
ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਅਨਾਜ ਮੰਡੀ ਅਮਲੋਹ ਅਤੇ ਸਰਹਿੰਦ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖਰੀਦੇ ਗਏ ਝੋਨੇ ਦੀ ਅਦਾਇਗੀ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾ ਕੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਦੇ ਐਲਾਨੇ 1500 ਰੁਪਏ ਪ੍ਰਤੀ ਏਕੜ ਜਲਦੀ ਕਿਸਾਨਾਂ ਨੂੰ ਦੇਣ ਦਾ ਭਰੋਸਾ ਦਿੱਤਾ।
ਪਿਛਲੀ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨਰਮੇ ਅਤੇ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਦੋਂ ਕਿ ਮੌਜੂਦਾ ਸਰਕਾਰ ਨੇ 300 ਕਰੋੜ ਰੁਪਏ ਗੰਨੇ ਦੀ ਬਕਾਇਆ ਰਾਸ਼ੀ ਅਦਾ ਕਰ ਦਿੱਤੀ ਹੈ ਅਤੇ ਗੰਨੇ ਦੇ ਭਾਅ ਵਿੱਚ ਵੀ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਖਰੀਦੇ ਝੋਨੇ ਵਿਚੋਂ 50 ਪ੍ਰਤੀਸ਼ਤ ਦੀ ਲਿਫ਼ਟਿੰਗ ਵੀ ਹੋ ਚੁੱਕੀ ਹੈ। ਅਮਲੋਹ ਕੌਂਸਲ ਦੇ ਸਾਬਕਾ ਪ੍ਰਧਾਨ ਲਾਲ ਚੰਦ ਗਰਗ ਅਤੇ ਕਿਸਾਨ ਆਗੂ ਨੰਬਰਦਾਰ ਸ਼ਰਧਾ ਸਿੰਘ ਨੇ ਆੜ੍ਹਤੀਆਂ ਨੂੰ ਦੁਕਾਨਾਂ ਅਲਾਟ ਕਰਨ ਅਤੇ ਮੰਡੀ ਵਿਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕਰਵਾਉਣ ਦੀ ਮੰਗ ਕੀਤੀ, ਸ਼ੈਲਰ ਐਸੋਸੀਏਸਨ ਦੇ ਨਰਿੰਦਰ ਬਾਂਸਲ ਨੇ ਐਫ.ਸੀ.ਆਈ ਦੇ ਗੁਦਾਮਾਂ ਵਿੱਚ ਚਾਵਲ ਲਗਾਉਣ ਦੀ ਸਮੱਸਿਆ ਦੱਸੀ। ਇਸ ਮੌਕੇ ਐਸ.ਡੀ.ਐਮ ਗੁਰਵਿੰਦਰ ਸਿੰਘ ਜੌਹਲ, ਤਹਿਸੀਲਦਾਰ ਅੰਕਿਤਾ ਅਗਰਵਾਲ, ਉਪ ਕਪਤਾਨ ਪੁਲੀਸ ਗੁਰਬੰਸ ਸਿੰਘ ਬੈਂਸ, ਜ਼ਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ, ਏ.ਐਫ.ਐਸ.ਓ ਗੁਰਸ਼ਰਨ ਸਿੰਘ, ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ, ਪਰਮਵੀਰ ਸਿੰਘ ਮਾਂਗਟ, ਪਾਰਟੀ ਆਗੂ ਐਡ: ਅਸ਼ਵਨੀ ਅਬਰੋਲ, ਦਰਸ਼ਨ ਸਿੰਘ ਚੀਮਾ, ਸੁਖਵਿੰਦਰ ਕੌਰ, ਸਿਕੰਦਰ ਗੋਗੀ, ਗੁਰਮੀਤ ਸਿੰਘ ਰਾਮਗੜ੍ਹ, ਪ੍ਰਤਾਪ ਸਿੰਘ ਸੰਧੂ, ਗੁਰਮੀਤ ਸਿੰਘ ਛੰਨਾ, ਰਾਕੇਸ਼ ਬੰਟੀ, ਪਰਮਵੀਰ ਸਿੰਘ ਢਿੱਲੋਂ, ਆੜ੍ਹਤੀ ਅਖਿਲ ਅਬਰੋਲ, ਗੰਗਾ ਪੁਰੀ, ਅਨਿਲ ਬਾਂਸਲ ਆਦਿ ਹਾਜ਼ਰ ਸਨ।
ਇਸ ਮੌਕੇ ਮੰਤਰੀ ਨੇ ਮੰਡੀ ਵਿੱਚ ਪਿੰਡ ਸੌਂਟੀ ਦੇ ਕਿਸਾਨ ਕਰਨੈਲ ਸਿੰਘ ਦੀ ਢੇਰੀ ਬੋਲੀ ਕਰਵਾਈ। ਇਸੇ ਦੌਰਾਨ ਸਰਹਿੰਦ ਮੰਡੀ ਵਿੱਚ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਬਸੀ ਪਠਾਣਾ ਦੇ ਰੁਪਿੰਦਰ ਸਿੰਘ ਹੈਪੀ ਮੌਜੂਦ ਸਨ।