ਗੋਲਪੋਖੋਰ(ਪੱਛਮੀ ਬੰਗਾਲ), 14 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਦੇ ਪੱਛਮੀ ਬੰਗਾਲ ਨੂੰ ‘ਸੋਨੇ ਦਾ ਬੰਗਾਲ’ ਬਣਾਉਣ ਦੇ ਦਾਅਵਿਆਂ ਨੂੰ ‘ਮ੍ਰਿਗ ਤ੍ਰਿਸ਼ਨਾ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਨਫ਼ਰਤ, ਹਿੰਸਾ ਤੇ ਲੋਕਾਂ ਨੂੰ ਭਾਸ਼ਾ, ਧਰਮ, ਜਾਤ ਤੇ ਮੱਤ ਦੇ ਅਧਾਰ ’ਤੇ ਵੰਡਣ ਤੋਂ ਸਿਵਾਏ ਦੇਣ ਲਈ ਕੁਝ ਵੀ ਨਹੀਂ ਹੈ।
ਬੰਗਾਲ ਵਿੱਚ ਮੌਜੂਦਾ ਚੋਣ ਸੀਜ਼ਨ ਦੌਰਾਨ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੋਭਾਂ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ (ਕਾਂਗਰਸ) ਟੀਐੱਮਸੀ ਵਾਂਗ ਭਾਜਪਾ ਤੇ ਆਰਐੱਸਐੱਸ ਨਾਲ ਕਦੇ ਵੀ ਭਾਈਵਾਲੀ ਪਾਉਣ ਬਾਰੇ ਸੋਚ ਵੀ ਨਹੀਂ ਸਕਦੀ। ਚੇਤੇ ਰਹੇ ਕਿ ਟੀਐੱਮਸੀ ਸਾਬਕਾ ਤੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮਿਆਂ ’ਚ ਐੱਨਡੀਏ ਦਾ ਹਿੱਸਾ ਰਹਿ ਚੁੱਕੀ ਹੈ। ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਰਾਹੁਲ ਨੇ ਕਿਹਾ, ‘ਭਾਜਪਾ ਬੰਗਾਲ ਦੇ ਸਭਿਆਚਾਰ ਤੇ ਵਿਰਾਸਤ ਨੂੰ ਤਬਾਹ ਤੇ ਇਸ ਵਿੱਚ ਵੰਡੀਆਂ ਪਾਉਣ ਦੀ ਖ਼ਾਹਿਸ਼ਮੰਦ ਹੈ। ਅਸਾਮ ਵਿੱਚ ਵੀ ਉਹ ਇਹੀ ਕੁਝ ਕਰ ਰਹੇ ਹਨ। ਤਾਮਿਲ ਨਾਡੂ ਵਿੱਚ ਹੀ ਉਹ ਆਪਣੇ ਗੱਠਜੋੜ ਭਾਈਵਾਲ ਅੰਨਾਡੀਐੱਮਕੇ ਨਾਲ ਮਿਲ ਕੇ ਇਹੀ ਕੋਸ਼ਿਸ਼ਾਂ ਕਰ ਰਹੇ ਹਨ। ਭਾਜਪਾ ਕੋਲ ਨਫ਼ਰਤ, ਹਿੰਸਾ ਤੇ ਵੰਡੀਆਂ ਵਾਲੀ ਸਿਆਸਤ ਤੋਂ ਛੁੱਟ ਦੇਣ ਲਈ ਹੋਰ ਕੁਝ ਵੀ ਨਹੀਂ ਹੈ।’ ਭਾਜਪਾ ਵੱਲੋਂ ਦਿੱਤੇ ‘ਸੋਨਾਰ ਬੰਗਲਾ’ ਦੇ ਨਾਅਰੇ ’ਤੇ ਤਨਜ਼ ਕਸਦਿਆਂ ਗਾਂਧੀ ਨੇ ਇਸ ਨੂੰ ‘ਮ੍ਰਿਗ ਤ੍ਰਿਸ਼ਨਾ’ ਦੱਸਦਿਆਂ ਕਿਹਾ ਕਿ ਭਗਵਾ ਪਾਰਟੀ ‘ਹਰ ਸੂਬੇ ’ਚ ਇਹੀ ਸੁਪਨਾ ਵੇਚ ਰਹੀ ਹੈ।’ ਬੰਗਾਲ ਵਿੱਚ ‘ਕੱਟ ਮਨੀ’ ਦੇ ਸਭਿਆਚਾਰ ਦੀ ਨੁਕਤਾਚੀਨੀ ਕਰਦਿਆਂ ਰਾਹੁਲ ਨੇ ਕਿਹਾ, ‘ਤੁਸੀਂ ਟੀਐੱਮਸੀ ਨੂੰ ਮੌਕਾ ਦਿੱਤਾ, ਪਰ ਉਹ ਨਾਕਾਮ ਰਹੇ। ਸੂੁਬੇ ਦੇ ਲੋਕਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਬਾਹਰ ਜਾਣਾ ਪੈਂਦਾ ਹੈ। ਇਹ ਇਕੋ ਇਕ ਰਾਜ ਹੈ ਜਿੱਥੇ ਤੁਹਾਨੂੰ ਨੌਕਰੀਆਂ ਹਾਸਲ ਕਰਨ ਲਈ ‘ਕੱਟ ਮਨੀ’ ਅਦਾ ਕਰਨਾ ਪੈਂਦੀ ਹੈ।’ ਟੀਐੱਮਸੀ ਦੇ ਚੋਣ ਨਾਅਰੇ ‘ਖੇਲਾ ਹੋਬੇ’ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਤੇ ਖੇਡਾਂ ਖੇਡਣ ਵਿੱਚ ਫ਼ਰਕ ਹੈ।
ਰਾਹੁਲ ਨੇ ਕਿਹਾ, ‘ਅਸੀਂ ਕਦੇ ਵੀ ਭਾਜਪਾ ਤੇ ਆਰਐੱਸਐੱਸ ਦੇ ਭਾਈਵਾਲ ਨਹੀਂ ਬਣੇ। ਸਾਡੀ ਲੜਾਈ ਸਿਆਸੀ ਨਹੀਂ ਬਲਕਿ ਵਿਚਾਰਧਾਰਕ ਵੀ ਹੈ। ਮਮਤਾ ਜੀ ਲਈ ਇਹ ਮਹਿਜ਼ ਸਿਆਸੀ ਲੜਾਈ ਹੈ।’ ਗਾਂਧੀ ਨੇ ਕਿਹਾ, ‘ਭਾਜਪਾ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਕਾਂਗਰਸ ਉਨ੍ਹਾਂ ਅੱਗੇ ਨਹੀਂ ਝੁਕੇਗੀ, ਇਹ ਵਜ੍ਹਾ ਹੈ ਕਿ ਉਹ ਕਾਂਗਰਸ ਮੁਕਤ ਭਾਰਤ ਦਾ ਸੱਦਾ ਦਿੰਦੇ ਹਨ। ਉਨ੍ਹਾਂ ਕਦੇ ਟੀਐੱਮਸੀ ਮੁਕਤ ਭਾਰਤ ਨਹੀਂ ਕਿਹਾ, ਕਿਉਂਕਿ ਉਹ ਉਨ੍ਹਾਂ (ਭਾਜਪਾ) ਦੀ ਪੁਰਾਣੀ ਭਾਈਵਾਲ ਹੈ।’ -ਪੀਟੀਆਈ