ਪਰਮਜੀਤ ਸਿੰਘ
ਫਾਜ਼ਿਲਕਾ, 3 ਜੁਲਾਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਦੀ ਬੀਤੀ ਦੇਰ ਰਾਤ ਅਬੋਹਰ-ਫਾਜ਼ਿਲਕਾ ਰੋਡ ’ਤੇ ਪਿੰਡ ਘੱਲੂ ਦੇ ਨੇੜੇ ਸੜਕ ਹਾਦਸੇ ’ਚ ਮੌਤ ਹੋ ਗਈ। ਕਾਰ ਅਤੇ ਟਰੈਕਟਰ ਪਿੱਛੇ ਲੱਗੇ ਲੱਕੜ ਵਾਲੇ ਰੇਹੜੇ ਵਿਚਾਲੇ ਟੱਕਰ ’ਚ ਰਾਜਾ ਵੜਿੰਗ ਦੇ ਪੀਏ ਭੁਪਿੰਦਰ ਸਿੰਘ ਬਰਾੜ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ’ਚ ਵੱਜਣ ਤੋਂ ਬਾਅਦ ਗੱਡੀ ਚਕਨਾਚੂਰ ਹੋ ਗਈ।
ਹਾਦਸੇ ਤੋਂ ਬਾਅਦ ਉਸ ਨੂੰ ਨਿੱਜੀ ਗੱਡੀ ਰਾਹੀਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਥਾਣਾ ਖੂਈਖੇੜਾ ਦੇ ਐੱਸਐੱਚਓ ਸਚਿਨ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ। ਕਾਰ ਚਾਲਕ ਨੂੰ ਰਾਹਗੀਰਾਂ ਵੱਲੋਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਲੈ ਜਾਇਆ ਗਿਆ ਸੀ। ਟੱਕਰ ਕਾਰਨ ਟਰੈਕਟਰ ਰੁੱਖ ਨਾਲ ਟਕਰਾ ਗਿਆ।