ਕਿਸਾਨਾਂ ਲਈ ਸਰਾਪ ਬਣਿਆ ਘੱਗਰ

ਕਿਸਾਨਾਂ ਲਈ ਸਰਾਪ ਬਣਿਆ ਘੱਗਰ

ਅਮਰਜੀਤ ਸਿੰਘ ਵੜੈਚ

ਆਜ਼ਾਦੀ ਦੇ 73 ਵਰ੍ਹਿਆਂ ਮਗਰੋਂ ਵੀ ਹੁਣ ਤੱਕ ਘੱਗਰ ਦੇ ਲੋਕਾਂ ਦੀ ਹੋਣੀ ਬਦਲ ਨਹੀਂ ਸਕੀ। ਤਕਰੀਬਨ ਹਰ ਵਰ੍ਹੇ ਹੀ ਬਰਸਾਤ ਦੇ ਦਿਨਾਂ ਵਿੱਚ ਪਟਿਆਲ਼ਾ, ਸੰਗਰੂਰ ਅਤੇ ਮਾਨਸਾ ਸਣੇ ਹਰਿਆਣੇ ਦੇ ਕੈਥਲ ਅਤੇ ਸਿਰਸਾ ਜ਼ਿਲ੍ਹਿਆਂ ਦੇ ਵੱਡੇ ਇਲਾਕੇ ਵਿਚ ਘੱਗਰ ਕਹਿਰ ਵਰਤਾਉਂਦਾ ਹੈ।

ਬਜ਼ੁਰਗਾਂ ਦਾ ਕਹਿਣਾ ਹੈ ਕਿ ਕਿਸੇ ਵਕਤ ਇਹੋ ਘੱਗਰ ਲੋਕਾਂ ਦੀ ਜ਼ਿੰਦ-ਜਾਨ ਸੀ। ਜਦੋਂ ਟਿਊਬਵੈੱਲ ਨਹੀਂ ਸਨ ਉਦੋਂ ਘੱਗਰ ਦੇ ਉਛਾਲ ਨਾਲ਼ ਹੀ ਫ਼ਸਲਾਂ ਪਲ਼ ਜਾਂਦੀਆਂ ਸਨ ਅਤੇ ਘੱਗਰ ਦੇ ਪਾਣੀ ਨਾਲ਼ ਪਹਾੜਾਂ ਤੋ ਰਿੜ੍ਹ ਕੇ ਆਈ ਮਿੱਟੀ ਚਾਰੇ ਪਾਸੇ ਵਿਛ ਜਾਂਦੀ ਸੀ ਅਤੇ ਅਗਲੇ ਵਰ੍ਹੇ ਫ਼ਸਲਾਂ ਬਿਨਾਂ ਖਾਦਾਂ ਤੋਂ ਹੀ ਚੰਗਾ ਝਾੜ ਦਿੰਦੀਆਂ ਸਨ। ਘੱਗਰ ਚੜ੍ਹਦਾ ਸੀ ਅਤੇ ਪਾਣੀ ਚਾਰੇ ਪਾਸੇ ਪੇਤਲਾ-ਪੇਤਲਾ ਖਿਲਰ ਕੇ ਅੱਗੇ ਲੰਘ ਜਾਂਦਾ ਸੀ ਅਤੇ ਕਦੇ ਨੁਕਸਾਨ ਨਹੀਂ ਸੀ ਕਰਦਾ। ਆਜ਼ਾਦੀ ਮਗਰੋਂ ਵਿਕਾਸ ਦੇ ਨਾਂ ’ਤੇ ਘੱਗਰ ਦੇ ਇਲਾਕੇ ਵਿੱਚ ਨੀਵਿਆਂ ਰਸਤਿਆਂ ਨੂੰ ਉੱਚਾ ਚੁੱਕਣ, ਪੱਕਿਆਂ ਕਰਨ, ਪਾਈਪਾਂ ਦੱਬਣ, ਨਵੀਆਂ ਸੜਕਾਂ ਅਤੇ ਪੁਲ਼ੀਆਂ ਦੀ ਤਾਮੀਰ ਸਮੇਂ ਇੰਜਨੀਅਰਾਂ ਨੇ ਸਿਆਸੀ ਦਬਾਅ ਹੇਠ ਆਉਣ ਕਰ ਕੇ ਘੱਗਰ ਦੇ ਪਾਣੀ ਦੇ ਵਹਾ ਵਿਚ ਬੇ-ਤਰਤੀਬੀ ਨਾਲ਼ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਜਿਸ ਦਾ ਖ਼ਮਿਆਜ਼ਾ ਹੁਣ ਇਸ ਇਲਾਕੇ ਦੇ ਲੋਕ ਹਰ ਸਾਲ ਭੁਗਤਦੇ ਹਨ।

ਲੋਕ ਵੀ ਜ਼ਿੰਮੇਵਾਰ: ਘੱਗਰ ਜਦੋਂ ਉੱਛਲ਼ ਕੇ ਬਾਹਰ ਆਉਂਦਾ ਸੀ ਤਾਂ ਉਸ ਦਾ ਵਾਧੂ ਪਾਣੀ ਨਾਲ ਪਈ ਖਾਲੀ ਥਾਂ ਰਾਹੀਂ ਫਿਰ ਅਗੋਂ ਘੱਗਰ ਵਿੱਚ ਜਾ ਮਿਲ਼ਦਾ ਸੀ। ਹੌਲ਼ੀ-ਹੌਲ਼ੀ ਲੋਕਾਂ ਨੇ ਜ਼ਮੀਨਾਂ ਵਧਾਉਣ ਦੇ ਲਾਲਚ ਵਿੱਚ ਘੱਗਰ ਦੀ ਥਾਂ ਜ਼ਮੀਨਾਂ ਵਿੱਚ ਰਲਾਉਣੀ ਸ਼ੁਰੂ ਕਰ ਦਿੱਤੀ। ਸ਼ੁਤਰਾਣੇ ਦੇ ਇਲਾਕੇ ਵਿਚਲਾ 55 ਕਿਲੋਮੀਟਰ ਲੰਮਾ ‘ਬੁੱਢਾ ਘੱਗਰ’, ਜੋ ਘੱਗਰ ਦੇ ਉਛਲ਼ੇ ਪਾਣੀ ਨੂੰ ਸੰਭਾਲ਼ ਲੈਂਦਾ ਸੀ ਹੁਣ ਕਿਤੇ ਲੱਭਦਾ ਹੀ ਨਹੀਂ। ਨਹਿਰੀ ਵਿਭਾਗ ਅਨੁਸਾਰ ਮਾਲ-ਰਿਕਾਰਡ ਵਿੱਚ ਇਹ ਹਾਲੇ ਵੀ ਬੋਲਦਾ ਹੈ। ਘੱਗਰ ਦੇ ਇਲਾਕੇ ਵਿੱਚ ਹੜ੍ਹਾਂ ਕਾਰਨ ਹੁੰਦੀ ਤਬਾਹੀ ਦਾ ਮੌਜੂਦਾ ਵੱਡਾ ਕਾਰਨ ‘ਹਾਂਸੀ-ਬੁਟਣਾ’ ਨਹਿਰ ਹੈ। ਹਰਿਆਣਾ ਸਰਕਾਰ ਨੇ ਕੇਂਦਰੀ ਜਲ-ਕਮਿਸ਼ਨ ਤੋਂ ਚੁੱਪ-ਚੁਪੀਤੇ ਮਨਜ਼ੂਰੀ ਲੈ ਕੇ ਅਤੇ ਤਿੰਨ ਅਰਬ ਰੁਪਏ ਖ਼ਰਚ ਕੇ 109 ਕਿਲੋਮੀਟਰ ਲੰਮੀ ਨਹਿਰ ਉਸਾਰ ਦਿੱਤੀ। ਜਦੋਂ ਇਹ ਨਹਿਰ ਬਣ ਰਹੀ ਸੀ ਤਾਂ ਉਦੋਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਸੁੱਤੀਆਂ ਰਹੀਆਂ। ਸਮਾਣੇ ਦੀ ਪੂਰਬੀ ਵੱਖੀ ’ਚੋਂ ਸ਼ੁਰੂ ਹੁੰਦੀ ਹੈ ਇਹ ਨਹਿਰ ਲੀਡਰਾਂ ਨੂੰ ਸਿਰਫ਼ ਚੋਣਾਂ ਸਮੇਂ ਹੀ ਦਿਸਦੀ ਹੈ। ਹਰਿਆਣੇ ਦੀ ਥੋੜ੍ਹੀ ਜਿਹੀ ਹੱਦ ਸਮਾਣੇ ਦੇ ਚੜ੍ਹਦੇ ਪਾਸੇ ਲਗਦੀ ਹੈ ਅਤੇ ਇਸੇ ਹਿੱਸੇ ’ਚੋਂ ਹੀ ਭਾਖੜਾ ਲੰਘਦੀ ਹੈ ਜਿਥੋਂ ਹਰਿਆਣਾ ਚਲਾਕੀ ਨਾਲ ਪਾਣੀ ਖਿਚਣਾ ਚਾਹੁੰਦਾ ਹੈ।

ਭਾਵੇਂ ਇਹ ਮਸਲਾ ਕਾਨੂੰਨੀ ਘੁੰਮਣ-ਘੇਰੀਆਂ ’ਚ ਉਲਝਿਆ ਪਿਆ ਹੈ ਪਰ ਇਸ ਦਾ ਨੁਕਸਾਨ ਹਰ ਵਰ੍ਹੇ ਪੰਜਾਬ ਦੇ ਕਈ ਪਿੰਡਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਨਹਿਰ ਦੀ ਉੱਚਾਈ 11 ਫੁੱਟ ਹੈ ਜਿਸ ਕਰ ਕੇ ਪੰਜਾਬ ਵਾਲ਼ੇ ਪਾਸੇ ਘੱਗਰ ਨੂੰ ਗਿਆਰਾਂ ਫੁੱਟ ਦੀ ਡਾਟ ਲੱਗ ਗਈ ਹੈ ਅਤੇ ਘੱਗਰ ਦਾ ਠਾਠਾਂ ਮਾਰਦਾ ਪਾਣੀ ਇਸ ਨਹਿਰ ਹੋਠੋਂ, ਧਰਮੇੜੀ ਕੋਲ਼ੋ, ਸਿਰਫ਼ 300 ਫੱਟ ਦੇ ਦੱਰੇ ਵਿਚੋਂ ਲੰਘਣ ਲਈ ਮਜਬੂਰ ਹੋ ਜਾਂਦਾ ਹੈ ਜਿਸ ਕਾਰਨ ਪੰਜਾਬ ਵਾਲ਼ੇ ਪਾਸੇ ਘੱਗਰ ਨੂੰ ਵੱਡੀ ਰੋਕ ਲੱਗ ਜਾਂਦੀ ਹੈ। ਇਸ ਨਹਿਰ ਦੇ ਬਣਨ ਤੋਂ ਪਹਿਲਾਂ ਹੜ੍ਹਾਂ ਦਾ ਇਹ ਪਾਣੀ 40-50 ਕਿਲਿਆਂ ’ਚੋਂ ਖਿਲਰ ਕੇ ਲੰਘ ਜਾਂਦਾ ਸੀ। ਹੜ੍ਹ ਦੇ ਪਾਣੀ ਨਾਲ਼ ਰੁੜ੍ਹ ਕੇ ਆਈ ਘਾਹ-ਬੂਟੀ ਇਸ ਦੱਰੇ ਵਿਚ ਫਸ ਜਾਂਦੀ ਹੈ ਅਤੇ ਪੰਜਾਬ ਵਾਲ਼ੇ ਪਾਸੇ ਪਾਣੀ ਇਕੱਠਾ ਹੋ ਜਾਂਦਾ ਹੈ। ਇਸੇ ਕਾਰਨ ਪੰਜਾਬ ਦੇ ਪਟਿਆਲ਼ੇ ਦੇ ਪਿੰਡ ਧਰਮੇੜੀ, ਸੱਸਾਗੁਜਰਾਂ, ਸੱਸਾ ਬਾਹਮਣਾਂ, ਘਿਓਰਾ, ਹਾਸ਼ਮਪੁਰ ਮਾਂਗਟਾਂ, ਨਗਾਵਾਂ, ਕਰਤਾਰਪੁਰ, ਅਲੀਪੁਰ ਜੱਟਾਂ ਆਦਿ 30-40 ਪਿੰਡ ਨੂੰ ਵੱਡਾ ਖ਼ਤਰਾ ਪੈਦਾ ਹੋ ਜਾਂਦਾ ਹੈ। ਧਰਮੇੜੀ ਕੋਲ਼ੋਂ ਜਿੱਥੋਂ ਘੱਗਰ ਹਾਂਸੀ-ਬੁਟਾਣਾ ਨਹਿਰ ਦੇ ਥੱਲਿਓਂ ਲੰਘ ਹਰਿਆਣੇ ਵਿੱਚ ਦਾਖ਼ਲ ਹੋ ਕੇ ਫਿਰ ਪੰਜਾਬ ਵਿੱਚ ਵੜਦਾ ਹੈ, ਉੱਥੇ ਹਰਿਆਣੇ ਦੇ ਵੀ ਕੁਝ ਪਿੰਡ ਜਿਵੇਂ ਖੰਬੇੜਾ, ਸਰੌਲ਼ਾ, ਗਾਬਾ, ਚਾਬਾ, ਚਟੈਲ਼ਾ ਤੇ ਬੋਪੁਰ ਬਰਸਾਤ ਦੇ ਦਿਨਾਂ ਵਿਚ ਸੂਲ਼ੀ ਟੰਗੇ ਰਹਿੰਦੇ ਹਨ।

ਘੱਗਰ ਪਟਿਆਲ਼ੇ ਜ਼ਿਲ੍ਹੇ ਵਿਚੋਂ ਹੁੰਦਾ ਹੋਇਆ ਖਨੌਰੀ ’ਚੋਂ ਸੰਗਰੂਰ ਜ਼ਿਲ੍ਹੇ ’ਚ ਦਾਖ਼ਲ ਹੁੰਦਾ ਹੈ ਅਤੇ ਪਿੰਡ ਗੁਨੇਕਲਾਂ ਤੋਂ ਮਾਨਸਾ ਵਿੱਚ ਜਾ ਵੜਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਗੋਰਖਪੁਰ ਅਤੇ ਕੁਲਰੀਆਂ ਦੇ ਨੇੜਿਓਂ ਘੱਗਰ ਚਾਂਦਪੁਰ ਸਾਇਫ਼ਨ ਤੋਂ ਹਰਿਆਣੇ ਵਿੱਚ ਦਾਖ਼ਲ ਕਰ ਜਾਂਦਾ ਹੈ। ਹਿਮਾਚਲ ਦੀਆਂ ਸ਼ਿਵਾਲਿਕ ਪਹਾੜੀਆਂ ’ਚੋਂ ਨਿੱਕਲ ਕੇ ਪੰਜਾਬ, ਹਰਿਆਣੇ ਅਤੇ ਫਿਰ ਰਾਜਸਥਾਨ ਤੱਕ ਤਕਰੀਬਨ ਲੰਬਾ ਰਸਤਾ ਤੈਅ ਕਰ ਕੇ ਘੱਗਰ ਦਾ ਪਾਣੀ ਰਾਜਸਥਾਨ ਦੇ ਥਾਰ ਰੇਗਿਸਥਾਨ ਵਿੱਚ ਸਮਾ ਜਾਂਦਾ ਹੈ।

ਸਰਕਾਰਾਂ ਨੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ: ਨਹਿਰੀ ਵਿਭਾਗ ਦੇ ਇੰਜਨੀਅਰਾਂ ਅਨੁਸਾਰ ‘ਕੈਨਾਲ ਐਂਡ ਡਰੇਨੇਜ ਐਕਟ 1964’ ਅਨੁਸਾਰ ਨਹਿਰਾਂ ਬਣਾਉਣ ਸਮੇਂ ਪਾਣੀ ਦੇ ਕੁਦਰਤੀ ਵਹਾ ਨੂੰ ਰੋਕ ਨਹੀਂ ਲਾਈ ਜਾ ਸਕਦੀ ਕਿਉਂਕਿ ਕੁਦਰਤੀ ਪਾਣੀ ਦਾ ਵਹਾ ਰੋਕਣਾ ਖ਼ਤਰਨਾਕ ਹੋ ਸਕਦਾ ਹੈ। ਪਹਿਲਾਂ ਭਾਖੜਾ ’ਤੇ ਖਨੌਰੀ ਚੈਨਲ ਅਤੇ ਹੁਣ ‘ਹਾਂਸੀ-ਬੁਟਾਣਾ’ ਦਾ ਧਰਮੇੜੀ ਨੇੜੇ ਘੱਗਰ ਉੱਪਰ ਚੈਨਲ ਬਣਾ ਕੇ ਇਸ ਨਿਯਮ ਨੂੰ ਛਿੱਕੇ ਟੰਗ ਦਿੱਤਾ ਗਿਆ। ਇਨ੍ਹਾਂ ਦੋਵਾਂ ਥਾਵਾਂ, ਖਨੌਰੀ ਨੇੜੇ ਭਾਖੜਾ ਨਹਿਰ ਨੂੰ ਅਤੇ ਧਰਮੇੜੀ ਨੇੜੇ ਹਾਂਸੀ-ਬੁਟਾਣਾ ਨਹਿਰ ਨੂੰ ਘੱਗਰ ਦੇ ਉਪਰ ਚੈਨਲ ਬਣਾ ਕੇ ਅੱਗੇ ਕੱਢਿਆ ਗਿਆ ਹੈ ਪਰ ਇਸ ਦੇ ਉਲਟ ਭਾਖੜਾ ਦੀ ਨਰਵਾਣਾ ਬਰਾਂਚ ਨੂੰ, ਘਨੌਰ ਕੋਲ਼ ਪਿੰਡ ਸਰਾਲ਼ਾ ਨੇੜੇ, ਬੁਰਜੀ ਨੰਬਰ 150 ’ਤੇ, ਘੱਗਰ ਦੇ ਹੇਠਾਂ ਸਾਇਫਨ ਬਣਾ ਕੇ ਅੱਗੇ ਕੱਢਿਆ ਗਿਆ ਹੈ।

ਹਰ ਵਰ੍ਹੇ ਘੱਗਰ ਵਿੱਚ ਆਉਂਦੇ ਹੜ੍ਹਾਂ ਕਾਰਨ ਫ਼ਸਲਾਂ ਦੀ ਤਬਾਹੀ ਕਿਸਾਨਾਂ ਉੱਪਰ ਕਰਜ਼ਿਆਂ ਦਾ ਬੋਝ ਵਧਾ ਰਹੀ ਹੈ, ਪੰਜਾਬ ਦੇ ਦੂਜੇ ਇਲਾਕਿਆਂ ਭਾਵ ਮਾਲਵੇ, ਮਾਝੇ ਅਤੇ ਦੁਆਬੇ ਦੇ ਲੋਕ ਘੱਗਰ ਦੇ ਇਲਾਕੇ ਦੇ ਘਰਾਂ ਵਿੱਚ ਆਪਣੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਨ ਤੋਂ ਪਾਸਾ ਵੱਟਦੇ ਹਨ। ਸਰਕਾਰੀ ਕਰਮਚਾਰੀ ਘੱਗਰ ਦੇ ਪਾਰ ਜਾਂ ਘੱਗਰ ਦੇ ਨੇੜੇ ਬਦਲੀਆਂ ਕਰਵਾਉਣ ਤੋਂ ਡਰਦੇ ਹਨ।

ਘੱਗਰ ਤੋਂ ਪ੍ਰਭਾਵਿਤ ਲੋਕਾਂ ਨੂੰ ਤੀਹਰੀ-ਚੌਹਰੀ ਮਾਰ: ਪਹਿਲਾਂ ਕੁਦਰਤ ਦਾ ਕਹਿਰ, ਫਿਰ ਰਾਜਸੀ ਲੀਡਰਾਂ ਦੀਆਂ ਸਿਫ਼ਾਰਸ਼ਾਂ ਕਾਰਨ ਵਿਕਾਸ ਦੇ ਕੰਮਾਂ ਵਿਚ ਦੇਰੀ, ਲੋਕਾਂ ਦੀ ਸਿਹਤ ਵੀ ਦਾਅ ’ਤੇ ਲਗਦੀ ਹੈ ਅਤੇ ਫਿਰ ਸਕੂਲੀ ਬੱਚਿਆਂ ਦੇ ਭਵਿੱਖ ਨਾਲ਼ ਖਿਲਵਾੜ ਹੁੰਦਾ ਹੈ। ਹਰ ਸਾਲ਼ ਫ਼ਸਲਾਂ ਅਤੇ ਜਾਨ-ਮਾਲ ਦੇ ਨੁਕਸਾਨ ਤੋਂ ਇਲਾਵਾ ਹੁਣ ਇਸ ਇਲਾਕੇ ਨੂੰ ਘੱਗਰ ਵਿੱਚ ਪੈਂਦੇ ਡੇਰਾ ਬਸੀ ਦੀਆਂ ਫੈਕਟਰੀਆਂ, ਮੁਹਾਲੀ ਅਤੇ ਚੰਡੀਗੜ੍ਹ ਦੇ ਗੰਦੇ ਪਾਣੀ ਦੀ ਵੀ ਮਾਰ ਪੈਣ ਲੱਗ ਪਈ ਹੈ। ਲੋਕਾਂ ਨੂੰ ਸ਼ੱਕ ਹੈ ਕਿ ਘੱਗਰ ਦੇ ਗੰਦੇ ਪਾਣੀ ਕਰ ਕੇ ਹੀ ਇਸ ਇਲਾਕੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਲੱਗ ਪਈ ਹੈ ਅਤੇ ਚਮੜੀ ਦੀਆਂ ਬਿਮਾਰੀਆਂ ਵੀ ਹੋਣ ਲੱਗ ਪਈਆਂ ਹਨ।

ਮਿਥਿਹਾਸ ਅਤੇ ਦੰਦ-ਕਥਾਵਾਂ ਅਨੁਸਾਰ ਤਕਰੀਬਨ ਪੰਦਰਾਂ ਹਜ਼ਾਰ ਵਰ੍ਹੇ ਪਹਿਲਾਂ ਘੱਗਰ ਦੇ ਇਲਾਕੇ ਵਿੱਚ ਹਿਮਾਚਲ ਦੀਆਂ ਪਹਾੜੀਆਂ ’ਚੋਂ ਨਿਕਲ਼ ਕੇ ਆਉਂਦੀ ਸਰਸਵਤੀ ਨਦੀ ਵਹਿੰਦੀ ਸੀ। ਸਤਲੁਜ ਅਤੇ ਯਮੁਨਾ ਦਰਿਆ ਵੀ ਸਰਸਵਤੀ ’ਚ ਰਲ਼ਦੇ ਸਨ ਅਤੇ ਸਰਸਵਤੀ ਗੁਜਰਾਤ ਵਿਚੋਂ ਲੰਘ ਕੇ ਅਰਬ ਸਾਗਰ ਵਿਚ ਲੀਨ ਹੋ ਜਾਂਦੀ ਸੀ। ਘੱਗਰ ਦੀ ਲੰਬਾਈ ਤਕਰੀਬਨ 620 ਕਿਲੋਮੀਟਰ ਹੈ। ਹਿਮਾਚਲ ’ਚੋਂ ਨਿਕਲਣ ਮਗਰੋਂ ਘੱਗਰ ਹਰਿਆਣੇ ਵਿਚ ਦਾਖ਼ਲ ਕਰਦਾ ਹੈ ਅਤੇ ਫਿਰ ਪੰਚਕੂਲਾ ਤੋਂ ਹੁੰਦੇ ਹੋਏ ਭਾਂਖਰਪੁਰ ਤੋਂ ਪੰਜਾਬ ਵਿਚ ਦਾਖ਼ਲ ਹੁੰਦਾ ਹੈ। ਪੰਜਾਬ ਵਿੱਚ ਘੱਗਰ 280 ਕਿਲੋਮੀਟਰ ਦਾ ਰਸਤਾ ਤਹਿ ਕਰਦਾ ਸਿਰਸੇ ਕੋਲ ‘ਓਟੂ ਝੀਲ’ ਵਿਚ ਜਾ ਮਿਲ਼ਦਾ ਹੈ। ਹਰਿਆਣਾ ਸਰਕਾਰ ਘੱਗਰ ਦੇ ਪਾਣੀ ਨੂੰ ਇਸ ਝੀਲ ਰਾਹੀਂ ਖੇਤੀ ਲਈ ਵਰਤਦੀ ਹੈ ਪਰ ਪੰਜਾਬ ’ਚ ਇਹ ਤਬਾਹੀ ਮਚਾਉਂਦਾ ਹੈ ਅਤੇ ਜਰਖੇਜ਼ ਮਿੱਟੀ ਨੂੰ ਆਪਣੇ ਨਾਲ਼ ਹਰਿਆਣੇ ਵੱਲ ਲੈ ਜਾਂਦਾ ਹੈ।

ਘੱਗਰ ਦੇਖਣ ਨੂੰ ਬਰਸਾਤੀ ਦਰਿਆ ਹੈ ਪਰ ਬਰਸਾਤਾਂ ਤੋਂ ਬਿਨਾ ਇਸ ਵਿੱਚ ਚੰਡੀਗੜ੍ਹ, ਮੁਹਾਲੀ ਸਣੇ ਕਈ ਕਸਬਿਆਂ, ਪਿੰਡਾਂ ਅਤੇ ਡੇਰਾ ਬਸੀ ਦੇ ਇਲਾਕੇ ਦੇ ਉਦਯੋਗਾਂ ਦਾ ਗੰਦਾ ਪਾਣੀ ਵੀ ਰਲ਼ਦਾ ਰਹਿੰਦਾ ਹੈ। ਇਸ ਤੋਂ ਇਲਾਵਾ ਬਰਸਾਤਾਂ ਦੌਰਾਨ ਝਰਮਲ ਨਦੀ, ਬਸੌਲੀ ਚੋਅ, ਉਰਮਿਲ ਨਦੀ, ਪੱਚੀ ਦਰਾ, ਟਾਂਗਰੀ, ਮਾਰਕੰਢਾ, ਮੀਰਾਂਪੁਰ ਚੋਅ, ਪਟਿਆਲ਼ਾ ਕੀ ਰੌ ਅਤੇ ਸਰਹੰਦ ਚੋਅ ਵੀ ਘੱਗਰ ਵਿੱਚ ਆ ਰਲ਼ਦੇ ਹਨ। ਇਸ ਨਾਲ਼ ਇਸ ਦਾ ਪਾਣੀ ਖਨੌਰੀ ਕੋਲ਼ ਖ਼ਤਰਨਾਕ ਹੱਦ ਤੱਕ ਵਧ ਜਾਂਦਾ ਹੈ।

ਇਸ ਇਲਾਕੇ ਦੀ ਵਰਤਮਾਨ ਸਥਿਤੀ ਇਹ ਹੈ ਕਿ ਘੱਗਰ ਦੀ ਮਾਰ ਵਾਲੇ ਪੂਰੇ ਇਲਾਕੇ ਵਿੱਚ ਕੋਈ ਚੰਗਾ ਕਾਲਜ, ਵੱਡਾ ਹਸਪਤਾਲ਼ ਤੇ ਵੱਡਾ ਉਦਯੋਗ ਆਦਿ ਨਹੀਂ ਹੈ। ਘੱਗਰ ਹਰ ਸਾਲ ਕਰੋੜਾਂ ਰੁਪਏ ਦੀ ਬਰਬਾਦੀ ਕਰਦਾ ਆ ਰਿਹਾ ਹੈ। ਇਸ ਦਾ ਵੱਡਾ ਕਾਰਨ ਹੈ ਕਿ ਇਸ ਇਲਾਕੇ ਨੂੰ ਘੱਗਰ ਦੀ ਮਾਰ ਪੈਣ ਤੋਂ ਰੋਕਣ ਲਈ ਕਦੇ ਵੀ ਲੰਮੇ ਸਮੇਂ ਦੀ ਯੋਜਨਾ ਨਹੀਂ ਬਣੀ। ਉਂਜ ਵੋਟਾਂ ਵੇਲ਼ੇ ਸਿਆਸੀ ਲੀਡਰ ਘੱਗਰ ਵਾਸੀਆਂ ਨੂੰ ‘ਚੰਦ ਦੀ ਸੈਰ’ ਜ਼ਰੂਰ ਕਰਾਉਂਦੇ ਹਨ।

ਘੱਗਰ ਪੀੜਤਾਂ ਲਈ ਫੌਰੀ ਮਦਦ ਦੀ ਲੋੜ: ਕੇਂਦਰ ਸਰਕਾਰ ਦੀ ਮਨਜ਼ੂਰੀ ਨਾਲ਼ ‘ਘੱਗਰ ਡਿਵੈਲਪਮੈਂਟ ਅਥਾਰਟੀ’ ਬਣਾਈ ਜਾਵੇ ਜੋ ਇਸ ਇਲਾਕੇ ਲਈ ਭਵਿਖ-ਮੁੱਖੀ ਵਿਕਾਸ ਦੇ ਕੰਮ ਕਰੇ। ਘੱਗਰ ਦੇ ਇਲਾਕੇ ਦੀ ਨਿਸ਼ਾਨਦੇਹੀ ਕਰ ਕੇ ਨਾਜਾਇਜ਼ ਕਬਜ਼ੇ ਖ਼ਤਮ ਕਰਵਾ ਕੇ ਘੱਗਰ ਦੇ ਪਾਣੀ ਦੀਆਂ ਰੋਕਾਂ ਖ਼ਤਮ ਕੀਤੀਆਂ ਜਾਣ, ਖੇਤੀ ਮਾਹਿਰਾਂ ਦੀ ਸਲਾਹ ਨਾਲ਼ ਘੱਗਰ ਦੇ ਇਲਾਕੇ ਦੀ ਨਿਸ਼ਾਨਦੇਹੀ ਕਰੇ ਇਸ ਨੂੰ ‘ਗੰਨਾ ਵਿਸ਼ੇਸ਼’ ਖੇਤਰ ਕਰਾਰ ਦਿੱਤਾ ਜਾਵੇ ਅਤੇ ਇਥੇ ਗੰਨਾ ਮਿੱਲਾਂ ਲਾਈਆਂ ਜਾਣ, ਸੜਕਾਂ ਦੀ ਵਿਸ਼ੇਸ਼ ਵਿਉਂਤਬੰਦੀ ਕੀਤੀ ਜਾਵੇ ਤਾਂ ਕਿ ਹੜ੍ਹਾਂ ਦੌਰਾਨ ਘੱਗਰ ਦੀ ਮਾਰ ਵਾਲ਼ੇ ਇਲਾਕੇ ਸ਼ਹਿਰਾਂ ਨਾਲ਼ ਜੁੜੇ ਰਹਿਣ, ਘੱਗਰ ਦੇ ਇਲਾਕੇ ਵਿੱਚ ਕੰਮ ਕਰਨ ਵਾਲ਼ੇ ਕਰਮਚਾਰੀਆਂ ਨੂੰ ਵਿਸ਼ੇਸ਼ ਲਾਭ ਦਿੱਤੇ ਜਾਣ। ਨਿੱਜੀ ਸੈੱਕਟਰ ਨੂੰ ਵੀ ਵਿਸ਼ੇਸ਼ ਰਿਅਾਇਤਾਂ ਦੇ ਕੇ ਉਦਯੋਗ ਲਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਦੁਨੀਆਂ ਬਹੁਤ ਅਗਾਂਹ ਲੰਘ ਗਈ ਹੈ ਪਰ ਘੱਗਰ ਵਾਸੀ ਪਛੜ ਗਏ ਹਨ।

ਘੱਗਰ ਦੀ ਮਾਰ ਹੇਠ ਆਉਂਦੇ ਤਕਰੀਬਨ 150 ਪਿੰਡਾਂ ਦੇ ਲੋਕ ਭਾਵੇਂ ਪ੍ਰਸ਼ਾਸਨ ਨਾਲ਼ ਤਾਂ ਨਾਰਾਜ਼ ਹਨ ਹੀ ਪਰ ਲੋਕ ਆਪਣੀ ਇਸ ਮੰਦਹਾਲੀ ਲਈ ਰਾਜਸੀ ਲੀਡਰਾਂ ਨੂੰ ਹੀ ਦੋਸ਼ੀ ਮੰਨਦੇ ਹਨ। ਸਿਆਸੀ ਰਹਿਬਰਾਂ ਨੂੰ ਚਾਹੀਦਾ ਹੈ ਕਿ ਉਹ ਹੁਣ ਘੱਗਰ ਵਾਸੀਆਂ ਦੀ ਬਾਂਹ ਫੜਨ।

ਸੰਪਰਕ: 94178-01988

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All