ਹਰਜੀਤ ਸਿੰਘ
ਡੇਰਾਬੱਸੀ, 14 ਮਈ
ਨੇੜਲੇ ਪਿੰਡ ਸੁੰਡਰਾ ਵਿੱਚ ਅੱਜ ਬਾਅਦ ਦੁਪਹਿਰ ਖੇਤਾਂ ਨੇੜੇ ਬਣੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਇਸ ਕਾਰਨ 45 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਡੇਢ ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ ਤਿੰਨ ਸਾਲਾਂ ਦੀ ਬੱਚੀ ਝੁਲਸ ਗਈ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੰਚਕੂਲਾ, ਰਾਮਗੜ੍ਹ ਅਤੇ ਡੇਰਾਬੱਸੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਨੇ ਤਿੰਨ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਇਲਾਕੇ ਵਿੱਚ ਚਲਦੀ ਗਰਮ ਹਵਾ ਨੇ ਅੱਗ ਨੂੰ ਤੇਜ਼ੀ ਨਾਲ ਫੈਲਣ ਵਿੱਚ ਮਦਦ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁੰਡਰਾ ਵਿੱਚ ਖੇਤਾਂ ਲਾਗੇ ਪਰਵਾਸੀ ਵਿਅਕਤੀ ਲੰਘੇ ਕਈ ਸਾਲਾਂ ਤੋਂ ਝੁੱਗੀਆਂ ਬਣਾ ਕੇ ਰਹਿ ਰਹੇ ਸਨ। ਅੱਜ ਪਿੰਡ ਦੇ ਇਕ ਵਿਅਕਤੀ ਨੇ ਖੇਤਾਂ ਵਿੱਚ ਕਣਕ ਦੀ ਕਟਾਈ ਮਗਰੋਂ ਨਾੜ ਨੂੰ ਅੱਗ ਲਾਈ ਹੋਈ ਸੀ। ਨਾੜ ਦੀ ਅੱਗ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗਰਮੀ ਤੇ ਹਵਾ ਕਾਰਨ ਅੱਗ ਨੇ ਸਾਰੀ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਝੁੱਗੀ ਵਿੱਚ ਖੇਡ ਰਹੀ ਡੇਢ ਸਾਲਾਂ ਦੀ ਬੱਚੀ ਅੱਗ ਦੀ ਲਪੇਟ ਵਿੱਚ ਆ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਰੁਪਾਲੀ ਪੁੱਤਰੀ ਰਾਮਬੀਰ ਵਜੋਂ ਹੋਈ ਹੈ। ਉਸ ਦੇ ਮਾਪੇ ਕੰਮ ’ਤੇ ਗਏ ਹੋਏ ਸਨ। ਇਸ ਤੋਂ ਇਲਾਵਾ ਤਿੰਨ ਸਾਲਾਂ ਦੀ ਬੱਚੀ ਝੁਲਸ ਗਈ। ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਅੱਗ ਦੀ ਘਟਨਾ ਕਾਰਨ ਲੋਕ ਸਹਿਮੇ ਹੋਏ ਹਨ ਅਤੇ ਉਨ੍ਹਾਂ ਨੂੰ ਬੇਘਰ ਹੋਣ ਦੀ ਚਿੰਤਾ ਸਤਾ ਰਹੀ ਸੀ ਕਿ ਹੁਣ ਉਹ ਅਤਿ ਦੀ ਗਰਮੀ ਵਿੱਚ ਕਿਥੇ ਰਹਿਣਗੇ। ਜ਼ਿਆਦਾਤਰ ਝੁੱਗੀ ਵਾਸੀ ਨੇੜੇ ਦੀਆਂ ਫੈਕਟਰੀਆਂ ਅਤੇ ਖੇਤਾਂ ਵਿੱਚ ਦਿਹਾੜੀ ਕਰਦੇ ਹਨ। ਫਾਇਰ ਅਫਸਰ ਬਲਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਗਿਆ।