ਹੁੱਲੜਬਾਜ਼ੀ ਦੌਰਾਨ ਪੁਲੀਸ ’ਤੇ ਕੁੱਤਾ ਛੱਡਿਆ

* ਬੇਕਾਬੂ ਕੁੱਤੇ ਨੇ ਸਬ-ਇੰਸਪੈਕਟਰ ਨੂੰ ਵੱਢਿਆ * ਪੁਲੀਸ ਨੇ ਪਰਿਵਾਰ ਦੇ ਪੰਜ ਜੀਆਂ ਸਣੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ

ਹੁੱਲੜਬਾਜ਼ੀ ਦੌਰਾਨ ਪੁਲੀਸ ’ਤੇ ਕੁੱਤਾ ਛੱਡਿਆ

ਸ਼ਗਨ ਕਟਾਰੀਆ
ਬਠਿੰਡਾ, 6 ਅਗਸਤ

ਸ਼ਹਿਰ ਦੇ ਭੁਲੇਰੀਆ ਵਾਲੇ ਮੁਹੱਲੇ ’ਚ ਬੀਤੀ ਰਾਤ ਕੁਝ ਲੋਕ ਥਾਣਾ ਕੋਤਵਾਲੀ ਦੇ ਮੁਖੀ ਦੀ ਟੀਮ ਨੂੰ ‘ਸਿੱਧੇ’ ਹੋ ਗਏ। ਪ੍ਰਤੱਖਦਰਸ਼ੀਆਂ ਮੁਤਾਬਿਕ ਪੁਲੀਸ ’ਤੇ ਹਮਲੇ ਦੀ ਨੀਅਤ ਨਾਲ ਇਕ ਪਰਿਵਾਰ ਨੇ ਜਦੋਂ ਪਿੱਟ-ਬੁੱਲ ਪਾਲਤੂ ਕੁੱਤੇ ਦੇ ਗਲੋਂ ਸੰਗਲੀ ਲਾਹ ਦਿੱਤੀ ਤਾਂ ਪੁਲੀਸ ਪਾਰਟੀ ਦੀ ਸਥਿਤੀ ਮਾੜੀ ਬਣ ਗਈ। ਕੋਤਵਾਲੀ ਦੇ ਐੱਸਐਚਓ ਇੰਸਪੈਕਟਰ ਦਵਿੰਦਰ ਸਿੰਘ ਦੇ ਬਿਆਨ ’ਤੇ ਦਰਜ ਐਫਆਈਆਰ ਅਨੁਸਾਰ ਰਾਤੀਂ ਕਰੀਬ 9.30 ਵਜੇ ਫ਼ੋਨ ’ਤੇ ਸੂਚਨਾ ਮਿਲੀ ਕਿ ਮੁਹੱਲੇ ਦੇ ਕੁਝ ਵਿਅਕਤੀ ਮੁਹੱਲੇ ਦੀਆਂ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਨੀਅਤ ਨਾਲ ਹੁੱਲੜਬਾਜ਼ੀ ਕਰ ਰਹੇ ਹਨ। ਉਹ ਪੁਲੀਸ ਪਾਰਟੀ ਨਾਲ ਮੁਹੱਲੇ ’ਚ ਪਹੁੰਚੇ ਤਾਂ ਕੁੱਝ ਬਾਸ਼ਿੰਦਿਆਂ ਨੇ ਪੁਲੀਸ ਕਰਮਚਾਰੀਆਂ ਨਾਲ ‘ਹੱਥੋਪਾਈ’ ਕੀਤੀ ਅਤੇ ਵਰਦੀ ਨੂੰ ‘ਹੱਥ’ ਪਾਇਆ। ਇਥੋਂ ਹੀ ਕਿਸੇ ਨੇ ਪੁਲੀਸ ਪਾਰਟੀ ’ਤੇ ਕੁੱਤਾ ਛੱਡ ਦਿੱਤਾ ਤਾਂ ਕੁੱਤੇ ਨੇ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੂੰ ਵੱਢ ਲਿਆ।

ਇਸ ਮਾਮਲੇ ’ਚ ਪੁਲੀਸ ਨੇ ਮੋਹਣ ਲਾਲ, ਮੋਹਣ ਲਾਲ ਦੀ ਪਤਨੀ ਸੁਦੇਸ਼ ਰਾਣੀ, ਸੁਮਿਤ, ਸਾਹਿਲ, ਬੰਟੀ (ਜੋ ਇਨ੍ਹਾਂ ਦੇ ਬੱਚੇ ਹਨ) ਅਤੇ ਮਿਸਤਰੀ ਸੀਪਾ ਸਮੇਤ ਮੁਹੱਲੇ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 353, 186, 289, 148, 149 ਅਧੀਨ ਪਰਚਾ ਦਰਜ ਕੀਤਾ ਹੈ। ਪੁਲੀਸ ਦਾ ਆਖਣਾ ਹੈ ਕਿ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਜਦੋਂ ਕਿ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਮੁਲਜ਼ਮਾਂ ਨੂੰ ਪੁਲੀਸ ਰਾਤ ਹੀ ਗ੍ਰਿਫ਼ਤਾਰ ਕਰ ਕੇ ਲੈ ਗਈ ਸੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All