ਸਤਵਿੰਦਰ ਬਸਰਾ
ਲੁਧਿਆਣਾ, 23 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦਾ ਦੋ ਦਿਨਾਂ ਕਿਸਾਨ ਮੇਲਾ 24 ਅਤੇ 25 ਮਾਰਚ ਨੂੰ ਪੀਏਯੂ ਕੈਂਪਸ ਵਿੱਚ ਲਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਅੱਜ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੇਲੇ ਦਾ ਉਦਘਾਟਨ ਕਰਨਗੇ ਜਦਕਿ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸਮਾਗਮ ਦੀ ਪ੍ਰਧਾਨਗੀ ਕਰਨਗੇ। ਮੇਲੇ ਸਬੰਧੀ ਪੀਏਯੂ ਕੈਂਪਸ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਵੱਖ ਵੱਖ ਵਿਭਾਗਾਂ ਅਤੇ ਉਦਯੋਗਿਕ ਇਕਾਈਆਂ ਦੇ ਦਰਜਨਾਂ ਸਟਾਲ ਵੀ ਲੱਗ ਗਏ ਹਨ। ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਖੇਤੀ ਨੂੰ ਨਵੀਨ ਰਾਹਾਂ ‘ਤੇ ਤੋਰਨ ਦੀਆਂ ਤਕਨੀਕਾਂ ਵਿਕਸਿਤ ਕਰਕੇ ਕਿਸਾਨਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕੀਤੀ ਹੈ। ਮੇਲੇ ਦਾ ਉਦੇਸ਼ ‘ਆਓ ਖੇਤੀਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਰੱਖਿਆ ਗਿਆ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੀਏਯੂ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖੇਤੀ ਲਾਗਤਾਂ ਦੀ ਕੁਸ਼ਲਤਾ ਨੂੰ ਵਧਾਉਣ ਲਈ ਤਕਨੀਕਾਂ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹੈ। ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਕਿਸਾਨਾਂ ਨੂੰ ਲਾਈਵ ਪ੍ਰਦਰਸ਼ਨਾਂ, ਪ੍ਰਦਰਸ਼ਨੀਆਂ ਅਤੇ ਤਕਨੀਕੀ ਸੈਸ਼ਨਾਂ ਰਾਹੀਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ। ਮੇਲੇ ਦੀਆਂ ਝਾਕੀਆਂ ਵਿੱਚ ਦੇ ਪੀਐਮਐਚ 14 ਅਤੇ ਚਰ੍ਹੀ ਦੇ ਐੱਸਐੱਲ 46 ਤੇ ਸਜੀਵ ਪ੍ਰਦਰਸ਼ਨ ਸ਼ਾਮਲ ਹੋਣਗੇ। ਇਸੇ ਤਰ੍ਹਾਂ ਪ੍ਰੋਸੈਸਿੰਗ ਤਕਨਕਾਂ ਰਾਹੀਂ ਕੀਮਤ ਵਧਾਉਣ ਦੇ ਤਰੀਕੇ ਵੀ ਦੱਸੇ ਜਾਣਗੇ। ਇਨ੍ਹਾਂ ਤੋਂ ਇਲਾਵਾ ਡਰਾਇੰਗ ਮੁਕਾਬਲੇ ਵੀ ਹੋਣਗੇ। ਮੇਲੇ ਵਿੱਚ ਖੇਤੀ ਸੰਦਾਂ ਤੋਂ ਇਲਾਵਾ ਮਲਟੀਗ੍ਰੇਨ ਆਟਾ, ਆਚਾਰ, ਫਲ ਸਕੁਐਸ਼, ਫਲਾਂ ਦਾ ਜੂਸ, ਮਲਟੀਗਰੇਨ ਕੁਕੀਜ਼, ਟਮਾਟਰ ਉਤਪਾਦ ਅਤੇ ਹੋਰ ਵਸਤਾਂ ਖਰੀਦਣ ਲਈ ਉਪਲੱਬਧ ਹੋਣਗੀਆਂ।
ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਅੱਜ ਤੋਂ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ ਦੋ ਦਿਨਾਂ ਪਸ਼ੂ ਪਾਲਣ ਮੇਲਾ ਸ਼ੁੱਕਰਵਾਰ 24 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਮੇਲੇ ਵਿੱਚ ਪੁਰਸ਼ਾਂ, ਔਰਤਾਂ ਤੇ ਬੱਚਿਆਂ ਲਈ ਵਧੀਆ ਪ੍ਰਦਰਸ਼ਨੀ ਹੋਵੇਗੀ ਅਤੇ ਹਰ ਵਰਗ ਉਮਰ ਵਰਗ ਵਾਸਤੇ ਵੱਖ-ਵੱਖ ਵਸਤੂਆਂ ਅਤੇ ਨੁਮਾਇਸ਼ਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਪਾਲਤੂ ਜਾਨਵਰਾਂ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਮਾਹਿਰ ਹਾਜ਼ਰ ਹੋਣਗੇ।
ਪੰਜ ਅਗਾਂਹਵਧੂ ਕਿਸਾਨਾਂ ਦਾ ਹੋਵੇਗਾ ਸਨਮਾਨ
ਲੁਧਿਆਣਾ: ਕਿਸਾਨ ਮੇਲੇ ਦੇ ਪਹਿਲੇ ਦਿਨ 24 ਮਾਰਚ ਨੂੰ ਪੰਜ ਅਗਾਂਹਵਧੂ ਕਿਸਾਨਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਜਤਿੰਦਰ ਸਿੰਘ, ਜ਼ਿਲ੍ਹਾ ਫਤਹਿਗੜ੍ਹ ਦੇ ਗੁਰਦੀਪ ਸਿੰਘ ਜ਼ਿਲ੍ਹਾ ਰੂਪਨਗਰ ਦੇ ਜਗਦੀਪ ਸਿੰਘ ਅਤੇ ਲੁਧਿਆਣਾ ਦੇ ਧਨਦੀਪ ਸਿੰਘ ਅਤੇ ਜ਼ਿਲ੍ਹਾ ਪਟਿਆਲਾ ਦੇ ਸੁਖਦੇਵ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਖੇਤੀ ਮੰਤਰੀ ਧਾਲੀਵਾਲ ਕਿਸਾਨਾਂ ਦਾ ਸਨਮਾਨ ਕਰਨਗੇ