ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਲੁਧਿਆਣਾ, 29 ਅਪਰੈਲ
ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਪਾਰਟੀ ਵੱਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਇੱਕ ਪਾਸੇ ਲੱਡੂ ਵੰਡ ਕੇ ਪਾਰਟੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਪਾਰਟੀ ਦੇ ਇਸ ਫ਼ੈਸਲੇ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਆਸ਼ੂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਪਣਾ ਵਿਰੋਧ ਪ੍ਰਗਟਾਇਆ ਹੈ। ਇੰਨਾ ਹੀ ਨਹੀਂ ਵਿਰੋਧ ’ਚ ਸੂਬਾ ਕਾਂਗਰਸ ਪਾਰਟੀ ਦੇ ਬੁਲਾਰੇ ਵਰੁਣ ਮਹਿਤਾ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੁਧਿਆਣਾ ਦੇ ਹਜ਼ਾਰਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਅਣਦੇਖੀ ਕਰ ਕੇ ਬਾਹਰੀ ਉਮੀਦਵਾਰ ਲਿਆ ਕੇ ਲੁਧਿਆਣਾ ਸੀਟ ਵਿਰੋਧੀ ਧਿਰ ਦੀ ਝੋਲੀ ਪਾ ਦਿੱਤੀ ਹੈ। ਰਾਜਾ ਵੜਿੰਗ ਦੇ ਉਮੀਦਵਾਰ ਐਲਾਣਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੈ ਤਲਵਾੜ ਨੇ ਆਪਣੇ ਸਮਰਥਕਾਂ ਦੇ ਨਾਲ ਹੀ ਆਪਣੇ ਦਫ਼ਤਰ ਵਿੱਚ ਲੱਡੂ ਵੰਡ ਕੇ ਖੁਸ਼ੀ ਪ੍ਰਗਟਾਈ, ਇਸ ਦੇ ਨਾਲ ਹੀ ਉਨ੍ਹਾਂ ਨੇ ਸਮਰਥਕਾਂ ਨੇ ਢੋਲ ਵਜਾ ਕੇ ਭੰਗੜਾ ਵੀ ਪਾਇਆ। ਨਾਲ ਹੀ ਦਾਅਵਾ ਕੀਤਾ ਕਿ ਉਹ ਦਿਨ ਰਾਤ ਮਿਹਨਤ ਕਰ ਕੇ ਰਾਜਾ ਵੜਿੰਗ ਨੂੰ ਲੋਕ ਸਭਾ ਵਿੱਚ ਜ਼ਰੂਰ ਭੇਜਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਸਿਰਫ਼ ਇੰਤਜ਼ਾਰ ਕਰ ਰਹੇ ਸਨ ਕਿ ਪਾਰਟੀ ਉਮੀਦਵਾਰ ਦਾ ਨਾਂ ਐਲਾਣੇ, ਹੁਣ ਪਾਰਟੀ ਦਾ ਹਰ ਵਰਕਰ ਦਿਨ ਰਾਤ ਮਿਹਨਤ ਕਰੇਗਾ।
ਉਧਰ, ਕਾਂਗਰਸ ਦੇ ਪਾਰਟੀ ਬੁਲਾਰੇ ਵਰੁਣ ਮਹਿਤਾ ਨੇ ਦੱਸਿਆ ਕਿ ਪਿਛਲੇ 4 ਸਾਲ ’ਚ ਕਾਂਗਰਸ ਹਾਈਕਮਾਨ ਵੱਲੋਂ ਸੰਗਠਨ ’ਚ ਸਿਰਫ਼ ਇੱਕ ਹੀ ਸੂਚੀ ਸੂਬਾ ਕਾਂਗਰਸ ਪ੍ਰਧਾਨ ਤੋਂ ਨਵਜੋਤ ਸਿੰਘ ਸਿੱਧੂ ਦੇ ਸਮੇਂ ਜਾਰੀ ਕੀਤੀ ਗਈ, ਜਿਸ ’ਚ ਮਹਿਤਾ ਸਮੇਤ 38 ਹੋਰ ਬੁਲਾਰੇ ਨਿਯੁਕਤ ਕੀਤੇ ਗਏ ਸਨ, ਜਿਸ ’ਚ ਕਈ ਲੋਕ ਸਭਾ ਮੈਂਬਰ ਅਤੇ ਸਾਬਕਾ ਵਿਧਾਇਕਾਂ ਸਮੇਤ ਹੋਰ ਪਾਰਟੀ ਨੇਤਾ ਸਨ।
ਮਹਿਤਾ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਚੋਣਾਂ ਲੜਨਾ ਹਰ ਆਗੂ ਤੇ ਵਰਕਰ ਦਾ ਹੱਕ ਹੈ, ਪਰ ਸ਼ਹਿਰ ਦੇ ਆਗੂਆਂ ਅਤੇ ਵਰਕਰਾਂ ਦੀ ਅਣਦੇਖੀ ਕਰ ਪਾਰਟੀ ਦੀ ਉਚ ਲੀਡਰਸ਼ਿਪ ਵੱਲੋਂ ਤਾਨਾਸ਼ਾਹੀ ਦਾ ਰਵੱਈਆ ਅਪਣਾਉਣਾ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਵੀ ਇਹੀ ਨਤੀਜੇ ਆਏ, ਕਿਉਂਕਿ ਲੀਡਰਸ਼ਿਪ ਹਮੇਸ਼ਾ ਮਨਮਾਨੀ ਕਰਦੀ ਹੈ, ਜਦੋਂ ਕਿ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ। ਇਸੇ ਰੋਸ ਵੱਜੋਂ ਉਹ ਆਪਣੇ ਆਹੁਦੇ ਤੋਂ ਅਸਤੀਫ਼ਾ ਦਿੰਦੇ ਹਨ।
ਆਸ਼ੂ ਸਮਰਥਕਾਂ ਨੇ ਸੋਸ਼ਲ ਮੀਡੀਆ ’ਤੇ ਕੀਤਾ ਵਿਰੋਧ
ਪੰਜਾਬ ਕਾਂਗਰਸ ਦੇ ਵੱਲੋਂ ਜਿਵੇਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਉਣ ਦੀ ਚਰਚਾ ਸ਼ੁਰੂ ਕੀਤੀ ਗਈ ਤਾਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਸਿੱਧੇ ਤੌਰ ’ਤੇ ਵਿਰੋਧ ਸ਼ੁਰੂ ਕਰ ਦਿੱਤਾ। ਕਾਂਗਰਸ ’ਚ ਰਹਿ ਕੇ ਪੰਜਾਬ ਕਾਂਗਰਸ ਪ੍ਰਧਾਨ ਦਾ ਵਿਰੋਧ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਸ਼ੂ ਸਮਰਥਕਾਂ ਨੂੰ ਪੂਰੀ ਉਮੀਦ ਸੀ ਕਿ ਪਾਰਟੀ ਭਾਰਤ ਭੂਸ਼ਣ ਆਸ਼ੂ ਨੂੰ ਬਿੱਟੂ ਦੇ ਖਿਲਾਫ਼ ਉਮੀਦਵਾਰ ਬਣਾਏਗੀ, ਪਰ ਪਾਰਟੀ ਨੇ ਪੰਜਾਬ ਪ੍ਰਧਾਨ ਨੂੰ ਉਮੀਦਵਾਰ ਐਲਾਨ ਦਿੱਤਾ। ਜਿਸ ਤੋਂ ਬਾਅਦ ਆਸ਼ੂ ਸਮਰਥੱਕਾਂ ਨੇ ਸਿੱਧੇ ਤੌਰ ’ਤੇ ਲਿਖ ਦਿੱਤਾ ਕਿ ਬਾਹਰੀ ਉਮੀਦਵਾਰ ਨੂੰ ਪਾਰਟੀ ਉਮੀਦਵਾਰ ਬਣਾਉਂਦੀ ਹੈ ਤਾਂ ਕਿ ਉਨ੍ਹਾਂ ਦੀ ਪਾਰਟੀ ਨੂੰ ‘ਜੈ ਸ਼੍ਰੀ ਰਾਮ’ ਹੈ।