ਗੁਰਿੰਦਰ ਸਿੰਘ
ਲੁਧਿਆਣਾ, 3 ਜੂਨ
ਥਾਣਾ ਦਰੇਸੀ ਦੇ ਇਲਾਕੇ ਬਸਤੀ ਮਨੀ ਸਿੰਘ ਵਾਸੀ ਰਾਜਨ ਸਿੰਘ ਅਤੇ ਉਸ ਦੇ ਚਚੇਰੇ ਭਰਾਵਾਂ ਦੀ 15 ਤੋਂ ਵੱਧ ਵਿਅਕਤੀਆਂ ਨੇ ਤੇਜ਼ਧਾਰ ਹਮਲਾ ਕਰਕੇ ਕੁੱਟਮਾਰ ਕੀਤੀ ਹੈ ਜਦਕਿ ਰਾਜਨ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਰਾਜਨ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਭੂਆ ਦੇ ਲੜਕੇ ਸੰਨੀ ਵਾਸੀ ਸ਼ਾਸਤਰੀ ਨਗਰ ਦੀ ਕੁੱਝ ਦਿਨ ਪਹਿਲਾਂ ਉਸ ਦੇ ਗੁਆਂਢੀ ਪੰਕਜ ਗੁਪਤਾ ਵਾਸੀ ਬਸਤੀ ਮਨੀ ਸਿੰਘ ਨਾਲ ਕਿਸੇ ਗੱਲੋਂ ਲੜਾਈ ਹੋਈ ਸੀ। ਉਹ ਰਾਜ਼ੀਨਾਮੇ ਦੇ ਸਬੰਧ ਵਿੱਚ ਆਪਣੇ ਚਾਚੇ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਉਸ ਦੇ ਭਰਾ ਅਮਨਪ੍ਰੀਤ ਸਿੰਘ ਨਾਲ ਜਾ ਰਹੇ ਸਨ ਤਾਂ ਬਾਜਵਾ ਨਗਰ ਪੁਲੀ ਨੇੜੇ ਖੜ੍ਹੇ ਪੰਕਜ ਗੁਪਤਾ ਸਮੇਤ ਕੁਝ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਕੁੱਟਮਾਰ ਕੀਤੀ। ਪੁਲੀਸ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਹੈ ਕਿ ਪੰਕਜ ਗੁਪਤਾ ਵਾਸੀ ਬਸਤੀ ਮਨੀ ਸਿੰਘ, ਪ੍ਰਿੰਸ ਘਈ, ਰਾਜਨ ਮੱਟੂ, ਵਿਨੇ ਭੰਡਾਰੀ ਅਤੇ 11 ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੰਕਜ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਰਾਣੀ-ਜੇਠਾਣੀ ਵਿੱਚ ਤਕਰਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਹੈਬੋਵਾਲ ਦੇ ਇਲਾਕੇ ਨਿਊ ਮਾਇਆ ਨਗਰ ਚੂਹੜਪੁਰ ਰੋਡ ਵਿੱਚ ਗੇਟ ਦੀ ਸਫ਼ਾਈ ਕਰਨ ’ਤੇ ਦਰਾਣੀ-ਜੇਠਾਣੀ ਵਿੱਚ ਹੋਈ ਤਕਰਾਰ ਉਪਰੰਤ ਤਾਈ ਵੱਲੋਂ ਆਪਣੇ ਰਿਸ਼ਤੇਦਾਰਾਂ ਦੀ ਕੁੱਟਮਾਰ ਕੀਤੀ ਗਈ। ਸਿਮਰਨਜੀਤ ਕੌਰ ਨੇ ਦੱਸਿਆ ਹੈ ਕਿ ਉਹ ਆਪਣੇ ਭਰਾ ਸੋਹਿਤ ਪ੍ਰੀਤ ਸਿੰਘ, ਮਾਤਾ ਸੁਖਜੀਵਨ ਕੌਰ ਅਤੇ ਪਿਤਾ ਤਰਲੋਚਨ ਸਿੰਘ ਨਾਲ ਨਿਊ ਮਾਇਆ ਨਗਰ ਚੂਹੜਪੁਰ ਰੋਡ ’ਤੇ ਰਹਿੰਦੀ ਹੈ ਅਤੇ ਉਨ੍ਹਾਂ ਦੇ ਨਾਲ ਹੀ ਉਸ ਦੀ ਤਾਈ ਜਸਪ੍ਰੀਤ ਕੌਰ ਦਾ ਪਰਿਵਾਰ ਰਹਿੰਦਾ ਹੈ। ਕੱਲ੍ਹ ਦੁਪਹਿਰ ਸਮੇਂ ਦਰਾਣੀ ਜਠਾਣੀ ਵਿੱਚ ਗੇਟ ਦੀ ਸਫਾਈ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਪਰ ਰਾਤ ਨੂੰ ਜਸਪ੍ਰੀਤ ਕੌਰ ਨੇ ਤਲਵਿੰਦਰ ਸਿੰਘ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ ਅਤੇ ਜਿੰਦਰ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਉੱਪਰ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਸਿਮਰਨਜੀਤ ਕੌਰ ਦੀ ਸ਼ਿਕਾਇਤ ’ਤੇ ਉਸ ਦੀ ਤਾਈ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਗਵਾਹੀ ਦੇਣ ’ਤੇ ਕੁੱਟਮਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਦੇ ਇਲਾਕੇ ਡੇਹਲੋਂ ਰੋਡ ਵਿੱਚ ਸਰਵਿਸ ਸਟੇਸ਼ਨ ਮਾਲਕ ਦੀ ਕੁਝ ਲੋਕਾਂ ਵੱਲੋਂ ਸਿਰਫ਼ ਇਸ ਕਰਕੇ ਕੁੱਟਮਾਰ ਕੀਤੀ ਗਈ ਹੈ ਕਿਉਂਕਿ ਉਸ ਨੇ ਇੱਕ ਲੜਾਈ ਦੇ ਸਬੰਧ ਵਿੱਚ ਉਨ੍ਹਾਂ ਖ਼ਿਲਾਫ਼ ਗਵਾਹੀ ਦਿੱਤੀ ਸੀ। ਡਿੰਪਲ ਸਰਵਿਸ ਸਟੇਸ਼ਨ ਦੇ ਮਾਲਕ ਜਗਮੋਹਨ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਸਰਵਿਸ ਸਟੇਸ਼ਨ ਦੇ ਅੰਦਰ ਹੀ ਬਣੀ ਰਿਹਾਇਸ਼ ਵਿੱਚ ਅੱਠ ਵਜੇ ਦੇ ਕਰੀਬ ਉਮੈਦਪੁਰ ਪਿੰਡ ਵਾਸੀ ਚਰਨਜੀਤ ਸਿੰਘ, ਗੁਰਦੀਪ ਸਿੰਘ ਅਤੇ ਰਣਜੋਤ ਸਿੰਘ ਨੇ ਕੁਝ ਸਾਥੀਆਂ ਦੀ ਮਦਦ ਨਾਲ ਉਸ ਉੱਪਰ ਹਮਲਾ ਕਰ ਦਿੱਤਾ। ਪੁਲੀਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।