ਬਰਤਾਨੀਆ ਦੇ ਸਮਰਾਟ ਚਾਰਲਸ ਤਿੰਨ ਦੀ ਤਾਜਪੋਸ਼ੀ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ ਦੌਰਾਨ ਸਮਰਾਟ ਨੂੰ ਕੈਂਸਰ ਡਾਇਗਨੌਜ਼ ਹੋਣ ਮਗਰੋਂ ਯੂਕੇ ਵਿਚ ਇਸ ਨਾਮੁਰਾਦ ਰੋਗ ਸਬੰਧੀ ਲੋਕਾਂ ਵਿਚ ਜਾਗਰੂਕਤਾ ਵਧੀ ਹੈ। ਨਵੇਂ ਸਮਰਾਟ ਨੇ ਆਪਣਾ ਰੋਗ ਲੁਕੋਇਆ ਨਹੀਂ, ਜਿਸ ਕਰਕੇ ਉਨ੍ਹਾਂ ਨੂੰ ਬਰਤਾਨੀਆ ਦੇ ਲੋਕਾਂ ਨਾਲ ਨੇੜਿਓਂ ਰਾਬਤਾ ਬਣਾਉਣ ਦਾ ਮੌਕਾ ਮਿਲਿਆ। ਉਨ੍ਹਾਂ ਲੋਕਾਂ ਨੂੰ ਕੈਂਸਰ ਦੇ ਜਲਦੀ ਡਾਇਗਨੌਜ਼ ਤੇ ਫੌਰੀ ਇਲਾਜ ਦੀ ਲੋੜ ਬਾਰੇ ਜਾਗਰੂਕ ਕੀਤਾ। ਅਤੇ ਇਸ ਤਰ੍ਹਾਂ ਲੋਕ ਉਨ੍ਹਾਂ ਨੂੰ ਇਕ ਅਜਿਹੇ ਸ਼ਖ਼ਸ ਵਜੋਂ ਦੇਖਣ ਲੱਗੇ, ਜੋ ਉਨ੍ਹਾਂ ਵਾਂਗ ਉਸ ਚੁਣੌਤੀ (ਕੈਂਸਰ) ਨਾਲ ਸਿੱਝ ਰਿਹਾ ਹੈ।
ਚਾਰਲਸ ਤਿੰਨ ਦੀ ਤਾਜਪੋਸ਼ੀ ਮਗਰੋਂ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਪਿਛਲੇ ਪੰਜ ਮਹੀਨਿਆਂ ਵਿਚ ਉਪਰੋਥੱਲੀ ਕਈ ਝਟਕੇ ਲੱਗੇ, ਜਿਸ ਤੋਂ ਪੂਰਾ ਬ੍ਰਿਟੇਨ ਹੈਰਾਨ ਸੀ। ਪਹਿਲਾਂ ਚਾਰਲਸ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਹੈ। ਇਸ ਤੋਂ ਫੌਰੀ ਮਗਰੋਂ ਵੇਲਜ਼ ਦੀ ਸ਼ਹਿਜ਼ਾਦੀ ਅਤੇ ਸ਼ਹਿਜ਼ਾਦੇ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਨੂੰ ਕੈਂਸਰ ਹੋਣ ਦਾ ਪਤਾ ਲੱਗਾ। ਸਮਰਾਟ ਚਾਰਲਸ ਕੇਂਦਰੀ ਲੰਡਨ ਵਿਚ ਯੂਨੀਵਰਸਿਟੀ ਕਾਲਜ ਹਸਪਤਾਲ ਮੈਕਮਿਲਨ ਕੈਂਸਰ ਸੈਂਟਰ ਤੋਂ ਆਮ ਮਰੀਜ਼ਾਂ ਵਾਂਗ ਆਪਣਾ ਇਲਾਜ ਕਰਵਾ ਰਹੇ ਹਨ। ਚਾਰਲਸ ਵੱਲੋਂ ਕੈਂਸਰ ਡਾਇਗਨੌਜ਼ ਹੋਣ ਦੇ ਐਲਾਨ ਮਗਰੋਂ ਕੈਂਸਰ ਰਿਸਰਚ ਯੁੂਕੇ ਦੀ ਵੈੱਬਸਾਈਟ ’ਤੇ ਕੈਂਸਰ ਦੇ ਲੱਛਣਾਂ ਤੇ ਹੋਰ ਜਾਣਕਾਰੀ ਨੂੰ ਲੈ ਕੇ ਰਿਕਾਰਡ 33 ਫੀਸਦ ਸਵਾਲ ਆਏ ਹਨ। -ਏਪੀ