ਦਵਿੰਦਰ ਪਾਲ
ਚੰਡੀਗੜ੍ਹ, 3 ਜੂਨ
ਮੁੱਖ ਅੰਸ਼
- ਨਕਲੀ ਬੀਜ ਸਪਲਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਮੰਗੀ
ਪੰਜਾਬ ਵਿੱਚ ਪਿਛਲੇ ਦਿਨੀਂ ਉਜਾਗਰ ਹੋਏ ਬੀਜ ਘੁਟਾਲੇ ਦੇ ਮਾਮਲੇ ਵਿੱਚ ਕਿਸਾਨ ਵੀ ਮੈਦਾਨ ’ਚ ਨਿੱਤਰ ਆਏ ਹਨ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪ੍ਰਭਾਵਿਤ ਕਿਸਾਨਾਂ ਨੇ ਵਿਜੀਲੈਂਸ ਬਿਓਰੋ ਅਤੇ ਖੇਤੀ-ਬਾੜੀ ਵਿਭਾਗ ਕੋਲ ਸ਼ਿਕਾਇਤਾਂ ਕੀਤੀਆਂ ਹਨ। ਵਿਜੀਲੈਂਸ ਤੇ ਖੇਤੀ-ਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜ਼ਿਲ੍ਹਾ ਜਲੰਧਰ ਤੇ ਫਰੀਦਕੋਟ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਤੇ ਕਿਸਾਨਾਂ ਨੇ ਇਸ ਮਾਮਲੇ ਵਿਚ ਆਪੋ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰਾਂ ਤੇ ਵਿਜੀਲੈਂਸ ਬਿਓਰੋ ਦੇ ਸੂਬਾਈ ਮੁਖੀ ਨੂੰ ਪੱਤਰ ਲਿਖ ਕੇ ਆਪਣੀ ਹੱਡਬੀਤੀ ਸੁਣਾਈ ਹੈ ਤੇ ਉਨ੍ਹਾਂ ਨੂੰ ਨਕਲੀ ਬੀਜ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਕਿਸਾਨਾਂ ਨੇ ਆਖਿਆ ਕਿ ਮੀਡੀਆ ਵਿਚ ਨਕਲੀ ਬੀਜਾਂ ਦਾ ਖੁਲਾਸਾ ਹੋਣ ’ਤੇ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਹੈ। ਕਿਸਾਨਾਂ ਨੇ ਵਿਜੀਲੈਂਸ ਬਿਓਰੋ ਕੋਲੋਂ ਮੁਲਜ਼ਮਾਂ ਖਿਲਾਫ਼ ਧਾਰਾ 420, 465, 467, 468, 120 ਬੀ ਆਦਿ ਸਮੇਤ ਸੀਡ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੰਜਾਬ ਪੁਲੀਸ ਵੱਲੋਂ ਬੀਜ ਘੁਟਾਲੇ ਵਿੱਚ ਸ਼ਾਮਲ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀਆਂ ਵੀ ਅਮਲ ’ਚ ਲਿਆਂਦੀਆਂ ਸਨ।
ਬੀਜ ਘਪਲੇ ਦੇ ਮੁੱਖ ਦੋਸ਼ੀ ਨੂੰ ਕਾਬੂ ਕਰਕੇ ਹਿਰਾਸਤੀ ਪੁੱਛਗਿੱਛ ਕਰਨ ਦੀ ਮੰਗ
ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਬਾਬਾ ਨਾਨਕ ਆਧਾਰਿਤ ਬੀਜ ਸਟੋਰ ਵੱਲੋਂ ਵੇੇਚੇ ਜਾਣ ਵਾਲੇ ਪੀ.ਆਰ 128 ਅਤੇ ਪੀ.ਆਰ 129 ਦੇ ਨਕਲੀ ਬੀਜ ਤਿਆਰ ਕਰਨ ਦੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਅਤੇ ਉਸ ਦੀ ਹਿਰਾਸਤੀ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ। ਇਕ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕਰਨ ਜਾਂ ਇਸ ਮਾਮਲੇ ਦੀ ਪੜਤਾਲ ਹਾਈ ਕੋਰਟ ਤੋਂ ਕਰਵਾਈ ਜਾਵੇ।