ਗੁਲਜ਼ਾਰ ਸਿੰਘ ਸੰਧੂ
ਰਚਨਾ ਦਾ ਸਿਰਲੇਖ ਮੇਰਾ ਨਹੀਂ। ਮੈਂ ਚੋਰੀ ਕੀਤਾ ਹੈ। ਵਰਿਆਮ ਸਿੰਘ ਸੰਧੂ ਵੱਲੋਂ ਲਿਖੀ ਉਸ ਪੁਸਤਕ ਦਾ ਟਾਈਟਲ ਹੈ ਜਿਸ ਵਿਚ ਸਰਵਣ ਸਿੰਘ ਬਾਰੇ 41 ਲੇਖਕਾਂ ਦੇ ਲੇਖ ਹਨ। ਸ਼ਿਕਾਰ ਇਕ ਤੇ ਸ਼ਿਕਾਰੀ ਇਕ ਉੱਤੇ ਚਾਲੀ। ਮੇਰਾ ਨੰਬਰ ਉਨ੍ਹਾਂ ਤੋਂ ਪਿੱਛੋਂ ਲੱਗਦਾ ਹੈ।
ਮੈਂ, ਸਰਵਣ ਤੇ ਵਰਿਆਮ ਤਿੰਨੋਂ ਕੇਸਾਧਾਰੀ ਤੇ ਪਗੜੀਧਾਰੀ ਸੰਧੂ ਹਾਂ। ਸਰਵਣ ਮੇਰੇ ਨਾਲੋਂ ਪੰਜ ਸਾਲ ਛੋਟਾ ਹੈ ਤੇ ਵਰਿਆਮ ਉਹਦੇ ਨਾਲੋਂ, ਏਨਾ ਹੀ।
ਮੈਂ ਸਰਵਣ ਸਿੰਘ ਨੂੰ 1965 ਤੋਂ ਜਾਣਦਾ ਹਾਂ। ਮੈਂ ਦਿੱਲੀ ਦੇ ਸਰਕਾਰੀ ਦਫ਼ਤਰ ਵਿਚ ਨੌਕਰੀ ਕਰਦਾ ਸਾਂ ਤੇ ਕਰੋਲ ਬਾਗ ਵਿਚ ਰਹਿੰਦਾ ਸੀ। ਸਰਵਣ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇਵਨਗਰ ਵਿਚ ਪੜ੍ਹਦਾ ਸੀ। ਕਾਲਜ ਵਿਚ ਫਿਜ਼ੀਕਲ ਐਜੂਕੇਸ਼ਨ ਪੜ੍ਹਾਉਣ ਵਾਲਾ ਪ੍ਰੀਤਮ ਸਿੰਘ ਮੇਰਾ ਮਿੱਤਰ ਸੀ ਤੇ ਸਰਵਣ ਦਾ ਉਸਤਾਦ। ਪ੍ਰੀਤਮ ਸਿੰਘ ਦਰਿਆਦਿਲ ਤੇ ਰੌਣਕੀ ਬੰਦਾ ਸੀ। ਉਹ ਹਰ ਇਕ ਦਾ ਜੀਅ ਲਾਈ ਰੱਖਦਾ ਸੀ। ਇਕ ਦਿਨ ਸਰਵਣ ਸਿੰਘ ਕੁਝ ਬਹੁਤਾ ਹੀ ਉਦਾਸ ਹੋ ਗਿਆ। ਦਿੱਲੀ ਛੱਡਣ ਨੂੰ ਫਿਰੇ। ਪ੍ਰੀਤਮ ਸਿੰਘ ਨੇ ਸਮਝਾ-ਬੁਝਾ ਕੇ ਕਾਇਮ ਕਰ ਲਿਆ। ਫੇਰ ਉਸ ਨੇ ਸਰਵਣ ਨੂੰ ਐਤਵਾਰ ਦਾ ਖਾਣਾ ਆਪਣੇ ਘਰ ਖਿਲਾਉਣਾ ਸ਼ੁਰੂ ਕਰ ਦਿੱਤਾ। ਉਸ ਦਿਨ ਉਹਦੇ ਘਰ ਮੀਟ ਬਣਦਾ ਹੁੰਦਾ ਸੀ। ਸਰਵਣ ਦਾ ਉਦਰੇਵਾਂ ਲਹਿ ਜਾਂਦਾ। ਅੰਤ ਸਰਵਣ ਸਿੰਘ ਨੇ ਆਪਣੇ ਪੈਸੇ ਵੀ ਉਹਨੂੰ ਫੜਾ ਦਿੱਤੇ ਅਤੇ ਲੋੜ ਪੈਣ ’ਤੇ ਲੈਣ ਲੱਗ ਪਿਆ। ਪ੍ਰੀਤਮ ਸਿੰਘ ਉਸ ਦਾ ਗਾਰਡੀਅਨ ਬਣ ਗਿਆ ਤੇ ਓਨੀ ਦੇਰ ਬਣਿਆ ਰਿਹਾ ਜਦੋਂ ਤੱਕ ਸਰਵਣ ਸਿੰਘ ਦੀ ਪੜ੍ਹਾਈ ਪੂਰੀ ਨਹੀਂ ਹੋਈ।
ਉਸ ਤੋਂ ਪਹਿਲਾਂ ਮੈਂ ਪ੍ਰੀਤਮ ਸਿੰਘ ਦੇ ਘਰ ਰਹਿੰਦਾ ਰਿਹਾ ਸਾਂ। ਇਕ ਤਰ੍ਹਾਂ ਦਾ ਪੇਇੰਗ ਗੈਸਟ। ਸੱਚਮੁੱਚ ਦਾ ਨਹੀਂ। ਘਰ ਦੇ ਖਰਚੇ ਲਈ ਲੋੜੀਂਦੀਆਂ ਵਸਤਾਂ ਕਦੀ ਉਹ ਲੈ ਕੇ ਆਉਂਦਾ ਤੇ ਕਦੀ ਮੈਂ। ਹਿਸਾਬ ਕਦੀ ਨਹੀਂ ਸੀ ਕੀਤਾ। ਕਈ ਵਾਰੀ ਡਬਲ ਹੋ ਜਾਂਦੀਆਂ। ਲੋਕਾਂ ਦੀ ਨਜ਼ਰ ਵਿਚ ਮੈਂ ਉਹਦੇ ਪਰਿਵਾਰ ਦਾ ਮੈਂਬਰ ਸਾਂ। ਪਿਛਲੇ ਸਾਲ ਉਹ 97 ਵਰ੍ਹਿਆਂ ਦੀ ਲੰਬੀ ਉਮਰ ਭੋਗ ਕੇ ਰੱਬ ਨੂੰ ਪਿਆਰਾ ਹੋ ਗਿਆ। ਮੈਨੂੰ ਉਹਦੇ ਬਾਰੇ ਹਾਂ ਦੀ ਥਾਂ ਸੀ ਲਾਉਣਾ ਔਖਾ ਲੱਗ ਰਿਹਾ ਹੈ।
ਸਰਵਣ ਸਿੰਘ ਆਪਣੇ ਪੇਂਡੂ ਪਿਛੋਕੜ ਦੀਆਂ ਗੱਲਾਂ ਦੱਸਦਾ ਤਾਂ ਅਸੀਂ ਦੋਵੇਂ ਬੜੇ ਧਿਆਨ ਨਾਲ ਸੁਣਦੇ। ਸਭਨਾਂ ਦਾ ਪਿਛੋਕੜ ਇਕ ਹੀ ਸੀ। ਪਿੰਡਾਂ ਵਿਚ ਬਿਜਲੀ ਨਹੀਂ ਸੀ ਪਹੁੰਚੀ। ਨਲਕਾ ਵੀ ਚੰਗੇ ਘਰਾਂ ਵਿਚ ਹੀ ਲੱਗਿਆ ਸੀ। ਵਾਂਢੇ ਜਾਣ ਲਈ ਵਸਤਰ ਤੇ ਜੁੱਤੀਆਂ ਮੰਗ ਕੇ ਪਾਈਆਂ ਜਾਂਦੀਆਂ ਸਨ। ਗਹਿਣੇ ਗੱਟੇ ਖ਼ਾਸ ਕਰਕੇ। ਕਿਸੇ ਘਰ ਦਾ ਇਕ ਕੈਂਠਾ ਪਤਾ ਨਹੀਂ ਕਿੰਨੇ ਗਲਿਆਂ ਦਾ ਸ਼ਿੰਗਾਰ ਬਣਿਆ ਹੁੰਦਾ। ਜੇ ਕੋਈ ਸਾਈਕਲ ਖਰੀਦ ਕੇ ਲਿਆਉਂਦਾ ਤਾਂ ਅੱਧਾ ਪਿੰਡ ਵੇਖਣ ਆਉਂਦਾ। ਸਾਈਕਲ ਏਨਾ ਦੁਰਲੱਭ ਸੀ ਕਿ ਇਸ ਨੇ ਹੇਠ ਲਿਖੀ ਬੋਲੀ ਨੂੰ ਜਨਮ ਦਿੱਤਾ:
ਟੱਲੀਆਂ ਵਜਾਉਂਦਾ ਜਾਊਂ
ਬਹਿ ਜਾ ਸਾਈਕਲ ’ਤੇ।
ਛੇਤੀ ਹੀ ਸਰਵਣ ਸਿੰਘ ਨੇ ‘ਆਰਸੀ’ ਲਈ ਖੇਡਾਂ-ਖਿਡਾਰੀਆਂ ਬਾਰੇ ਲੇਖ ਲਿਖਣੇ ਸ਼ੁਰੂ ਕੀਤੇ ਤਾਂ ਉਸ ਵੇਲੇ ਦੇ ਸਿਰਮੌਰ ਕਵੀ ਤੇ ਵਾਰਤਾਕਾਰ ਹਰਿਭਜਨ ਸਿੰਘ ਨੇ ‘ਆਰਸੀ’ ਵਿਚ ਹੀ ਉਹਦੇ ਬਾਰੇ ਨਿੱਕਾ ਲੇਖ ਲਿਖਿਆ ਤੇ ਉਸ ਨੂੰ ਸ਼ਬਦਾਂ ਦਾ ਓਲੰਪੀਅਨ ਕਿਹਾ। ਉਹ ਸ਼ਬਦਾਂ ਦਾ ਓਲੰਪੀਅਨ ਕਿਵੇਂ ਬਣਿਆ?
ਉਹ ਦੱਸਦਾ ਹੈ: ਇਕ ਦਿਨ ਉਸ ਨੇ ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਆਪਣੇ ਪਿੰਡ ਚਕਰ ਬੈਠਿਆਂ ਖ਼ਬਰ ਪੜ੍ਹੀ ਕਿ ਕਿੰਗਸਟਨ ਦੀਆਂ ਰਾਸ਼ਟਰਮੰਡਲ ਖੇਡਾਂ ਲਈ ਐੱਨ.ਆਈ.ਐੱਸ. ਪਟਿਆਲਾ ਵਿਚ ਭਾਰਤੀ ਐਥਲੀਟਾਂ ਦਾ ਕੋਚਿੰਗ ਕੈਂਪ ਲੱਗ ਰਿਹਾ ਹੈ। ਉਹ ਉੱਥੇ ਕਿਸੇ ਨੂੰ ਨਹੀਂ ਸੀ ਜਾਣਦਾ। ਦੋ ਦਿਨ ਖੱਜਲ-ਖੁਆਰ ਹੋਣ ਪਿੱਛੋਂ ਮਹਿੰਦਰਾ ਕਾਲਜ ਦੇ ਹੋਸਟਲ ਵਾਰਡਨ ਨੇ ਸਰਵਣ ਸਿੰਘ ਲਈ ਗੈਸਟ ਰੂਮ ਖੁਲ੍ਹਵਾ ਦਿੱਤਾ।
ਕੈਂਪ ਦੇ ਖਿਡਾਰੀਆਂ ਨੂੰ ਉਸ ਬੈਰਕ ਵਿਚ ਠਹਿਰਾਇਆ ਗਿਆ ਸੀ ਜਿਹੜੀ ਕਿਸੇ ਸਮੇਂ ਮਹਾਰਾਜੇ ਦੇ ਘੋੜਿਆਂ ਦਾ ਤਬੇਲਾ ਹੁੰਦੀ ਸੀ। ਸਰਵਣ ਸਿੰਘ ਉਨ੍ਹਾਂ ਦੀ ਇੰਟਰਵਿਊ ਕਰਨ ਜਾਂਦਾ ਤਾਂ ਉਸ ਨੂੰ ਲੱਗਦਾ ਜਿਵੇਂ ਬੈਰਕਾਂ ਵਿਚੋਂ ਲਿੱਦ ਦੀ ਬੋਅ ਆ ਰਹੀ ਹੋਵੇ। ਓਥੇ ਬਾਰੀਆਂ ਵਿਚੋਂ ਚਾਨਣ ਤਾਂ ਮਸੀਂ ਲੰਘਦਾ ਸੀ, ਪਰ ਮੱਛਰ ਦਾ ਅੰਤ ਨਹੀਂ ਸੀ। ਸਰਵਣ ਨੇ ਖਿਡਾਰੀਆਂ ਦੇ ਰੇਖਾ ਚਿੱਤਰ ਕਿਵੇਂ ਲਿਖੇ? ਉਹਦੇ ਕੋਲੋਂ ਹੀ ਸੁਣੋ: ‘ਰਾਤ ਨੂੰ ਮੈਂ ਦਿਨ ਭਰ ਦੀਆਂ ਗੱਲਾਂ ਆਪਣੀ ਡਾਇਰੀ ’ਤੇ ਨੋਟ ਕਰਦਾ। ਸੁੰਨੇ ਪਏ ਹੋਸਟਲ ਵਿਚ ਮੱਛਰ ਮੈਨੂੰ ਬਿੰਦੇ ਝੱਟੇ ਲੜਦਾ। ਪਿਆ ਪਿਆ ਮੈਂ ਖਿਡਾਰੀਆਂ ਬਾਰੇ ਲਿਖਣ ਵਾਲੇ ਫ਼ਿਕਰੇ ਤੇ ਰੇਖਾ ਚਿੱਤਰਾਂ ਦੇ ਸਿਰਲੇਖ ਸੋਚੀ ਜਾਂਦਾ। ਦਿੱਲੀ ਪਰਤ ਕੇ ਮੈਂ ਪਹਿਲਾ ਰੇਖਾ ਚਿੱਤਰ ਏਸ਼ੀਆ ਦੇ ਡੀਕੈਥਲੋਨ ਚੈਂਪੀਅਨ ਤੇ ਟੋਕੀਓ ਓਲੰਪਿਕਸ ਦੇ ਫਾਈਨਲਿਸਟ ਗੁਰਬਚਨ ਸਿੰਘ ਰੰਧਾਵੇ ਦਾ ਉਲੀਕੀਆ। ਉਹਦਾ ਸਿਰਲੇਖ ‘ਮੁੜ੍ਹਕੇ ਦਾ ਮੋਤੀ’ ਰੱਖਿਆ। ਉਹ ‘ਆਰਸੀ’ ਵਿਚ ਛਪਿਆ ਜਿਸ ਨੂੰ ਕਈਆਂ ਨੇ ਸਲਾਹਿਆ। ਭਾਪਾ ਪ੍ਰੀਤਮ ਸਿੰਘ ਨੇ ਕਿਹਾ ਕਿ ਇਹੋ ਜਿਹੇ ਰੇਖਾ ਚਿੱਤਰ ਹੋਰ ਵੀ ਲਿਖੋ। ਦੂਜਾ ਰੇਖਾ ਚਿੱਤਰ ਪਰਵੀਨ ਕੁਮਾਰ ਦਾ ਸੀ ਜੋ ‘ਧਰਤੀਧੱਕ’ ਨਾਂ ਹੇਠ ਛਪਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ। ਸਰਦਾਰਾ ਸਿੰਘ ਬਾਰੇ ‘ਅੱਗ ਦੀ ਨਾਲ’, ਅਜਮੇਰ ਸਿੰਘ ਬਾਰੇ ‘ਸ਼ਹਿਦ ਦਾ ਘੁੱਟ’, ਮਹਿੰਦਰ ਗਿੱਲ ਬਾਰੇ ‘ਅਲਸੀ ਦਾ ਫੁੱਲ’, ਜਰਨੈਲ ਬਾਰੇ ‘ਕਲਹਿਰੀ ਮੋਰ’, ਬਲਬੀਰ ਬਾਰੇ ‘ਪੌਣ ਦਾ ਹਾਣੀ’, ਪ੍ਰਿਥੀਪਾਲ ਬਾਰੇ ‘ਗੁਰੂ ਨਾਨਕ ਦਾ ਗਰਾਈਂ’, ਬਲਦੇਵ ਬਾਰੇ ‘ਪੱਤੋ ਵਾਲਾ’ ਤੇ ਜੋਗਿੰਦਰ ਬਾਰੇ ‘ਜੰਗਲੀ ਮੋਰ’ ਛਪੇ। ਮੇਰੇ ਲੇਖਾਂ ਨੇ ਬਹਿਜਾ ਬਹਿਜਾ ਕਰਾ ਦਿੱਤੀ।’
ਉਹ ਦਿਨ ਤੇ ਅਹਿ ਦਿਨ ਦੇਸ਼ਾਂ ਵਿਦੇਸ਼ਾਂ ਵਿਚ ਭੱਜੇ ਫਿਰਦੇ ਸਰਵਣ ਸਿੰਘ ਨੂੰ ਢੁੱਡੀਕੇ, ਲਾਂਬੜਾ, ਮੁਹਾਲੀ, ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਦੀਆਂ ਸਾਹਿਤ ਸਭਾਵਾਂ ਤੇ ਭਾਸ਼ਾ ਵਿਭਾਗਾਂ ਨੇ ਹੀ ਮਾਣ-ਸਨਮਾਨ ਨਹੀਂ ਦਿੱਤੇ ਸਗੋਂ ਵਿਸ਼ਵ ਵਿਦਿਆਲਿਆਂ ਨੇ ਆਪਣੀਆਂ ਸੈਨੇਟਾਂ ਤੇ ਸਿੰਡੀਕੇਟਾਂ ਦਾ ਮੈਂਬਰ ਵੀ ਚੁਣਿਆ।
ਸਾਡੀ ਮੁਢਲੀ ਉਮਰੇ, ਜਿਹੜੀ ਸਰਵਣ ਤੇ ਵਰਿਆਮ ਨਾਲੋਂ ਥੋੜ੍ਹਾ ਪਹਿਲਾਂ ਦੀ ਹੈ, ਅਸੀਂ ਵਾਰਤਕ ਦੀ ਥਾਂ ਕਿੱਸੇ ਪੜ੍ਹਦੇ ਹੁੰਦੇ ਸਾਂ। ਕਵੀਸ਼ਰਾਂ ਦੇ ਲਿਖੇ ਹੋਏ। ਇਹ ਕਿੱਸੇ ਦੁੱਲ੍ਹਾ ਭੱਟੀ, ਬਿਧੀ ਚੰਦ, ਜਾਨੀ ਚੋਰ ਤੇ ਜੱਗਾ ਡਾਕੂ ਜਾਂ ਹੀਰ ਰਾਂਝਾ, ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾਂ ਵਰਗੇ ਸਿਰਲੱਥ ਪ੍ਰੇਮੀ ਤੇ ਪ੍ਰੇਮਿਕਾਵਾਂ ਬਾਰੇ ਹੁੰਦੇ ਸਨ। ਸਰਵਣ ਸਿੰਘ ਨੇ ਖੇਡ ਜਗਤ ਤੇ ਖਿਡਾਰੀਆਂ ਬਾਰੇ ਲਿਖਣ ਦੀ ਨਵੀਂ ਪਿਰਤ ਪਾਈ ਅਤੇ ਆਪਣਾ ਝੰਡਾ ਗੱਡਿਆ।
ਨਿਵੇਕਲੀ ਵਾਕ ਬਣਤਰ ਤੇ ਸ਼ਬਦਾਂ ਦੀ ਢੁਕਵੀਂ ਚੋਣ ਸਦਕਾ। ਉਹਦੇ ਵੱਲੋਂ ਲਿਖੀ 1981 ਵਾਲੇ ਬੰਬਈ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੀ ਰਿਪੋਰਟ ਉਸ ਦੀ ਵਾਕ ਬਣਤਰ ਤੇ ਸ਼ਬਦ ਚੋਣ ’ਤੇ ਮੋਹਰ ਲਾਉਂਦੀ ਹੈ:
‘ਫੇਰ ਉਹ ਵਕਤ ਆਇਆ ਜਦੋਂ ਜੇਤੂਆਂ ਨੇ ਜਿੱਤ-ਮੰਚ ਉੱਤੇ ਚੜ੍ਹਨਾ ਸੀ। ਪਾਕਿਸਤਾਨੀ ਖਿਡਾਰੀਆਂ ਦੇ ਮੂੰਹਾਂ ’ਤੇ ਲਾਲੀਆਂ ਸਨ। ਹਾਕੀ ਦੀ ਆਲਮੀ ਸਰਦਾਰੀ ਦਾ ਚਿੰਨ੍ਹ, ਸੋਨ ਰੰਗਾ ਵਿਸ਼ਵ ਕੱਪ ਮੇਜ਼ ’ਤੇ ਪਿਆ ਲਿਸ਼ਕਾਂ ਮਾਰ ਰਿਹਾ ਸੀ। ਉਸ ਵਿਚ 895 ਗਰਾਮ ਸੋਨਾ, 6851 ਗਰਾਮ ਚਾਂਦੀ ਤੇ 350 ਗਰਾਮ ਹਾਥੀ ਦੰਦ ਲੱਗਾ ਹੋਇਆ ਸੀ। ਭਾਰਤ ਦੇ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਲਾਲ ਦਰੀ ’ਤੇ ਤੁਰ ਕੇ ਉਸ ਕੱਪ ਤੱਕ ਗਏ। ਜਦੋਂ ਉਹ ਕੱਪ ਪਾਕਿਸਤਾਨੀ ਟੀਮ ਦੇ ਕਪਤਾਨ ਲਾਇਲਪੁਰੀਏ ਅਖ਼ਤਰ ਰਸੂਲ ਨੂੰ ਭੇਟ ਕੀਤਾ ਗਿਆ ਤਾਂ ਉਸ ਨੇ ਏਨੀ ਸ਼ਿੱਦਤ ਨਾਲ ਚੁੰਮਿਆ ਜਿਵੇਂ ਵਰ੍ਹਿਆਂ ਦਾ ਵਿਛੜਿਆ ਮਹਬਿੂਬ ਮਿਲਿਆ ਹੋਵੇ। ਉਸ ਸਮੇਂ ਸੈਂਕੜੇ ਕੈਮਰਿਆਂ ਨੇ ਅੱਖਾਂ ਖੋਲ੍ਹੀਆਂ ਤੇ ਉਸ ਯਾਦਗਾਰੀ ਦ੍ਰਿਸ਼ ਨੂੰ ਆਪਣੇ ਸੀਨਿਆਂ ਵਿਚ ਸਮੋ ਲਿਆ। ਖਿਡਾਰੀਆਂ ਨੇ ਬਾਹਾਂ ਉੱਚੀਆਂ ਕਰ ਕੇ ਜੇਤੂ ਸਲਾਮੀਆਂ ਲਈਆਂ ਤੇ ਚੁਫ਼ੇਰੇ ਹਜ਼ਾਰਾਂ ਤਾੜੀਆਂ ਦਾ ਸ਼ੋਰ ਗੂੰਜ ਉਠਿਆ…।’
ਉਹਦੇ ਵੱਲੋਂ ਨੌਵੀਆਂ ਏਸ਼ਿਆਈ ਖੇਡਾਂ ਬਾਰੇ ਲਿਖਿਆ ਬਿਰਤਾਂਤ ਵੀ ਮੇਰੇ ਕਥਨ ਉੱਤੇ ਸਹੀ ਪਾਉਂਦਾ ਹੈ:
‘ਖਿਡਾਰੀਆਂ ਦਾ ਮਾਰਚ ਪਾਸਟ ਸ਼ੁਰੂ ਹੋਇਆ ਤਾਂ ਦੇਵਨਾਗਰੀ ਅੱਖਰ ਕ੍ਰਮ ਅਨੁਸਾਰ ਅਫ਼ਗ਼ਾਨ ਖਿਡਾਰੀਆਂ ਦੀ ਟੋਲੀ ਸਭ ਤੋਂ ਪਹਿਲਾਂ ਆਈ। ਉਨ੍ਹਾਂ ਦੇ ਪਿੱਛੇ ਇਰਾਕ ਤੇ ਇਰਾਨ ਦੇ ਦਲਾਂ ਨੇ ਆਉਣਾ ਸੀ, ਪਰ ਇਰਾਨੀਆਂ ਨੇ ਕਹਿ ਰੱਖਿਆ ਸੀ ਕਿ ਉਹ ਆਪਣੇ ਦੁਸ਼ਮਣ ਦੇਸ਼ ਇਰਾਕ ਦੇ ਨਾ ਪਿੱਛੇ ਲੱਗਣਗੇ ਤੇ ਨਾ ਅੱਗੇ। ਉਨ੍ਹਾਂ ਨੇ ਇਹ ਵੀ ਆਖਿਆ ਸੀ ਕਿ ਟੀਮ ਦੇ ਨਾਂ ਦੀ ਤਖ਼ਤੀ ਚੁੱਕ ਕੇ ਉਨ੍ਹਾਂ ਮੂਹਰੇ ਕੋਈ ਔਰਤ ਨਾ ਤੁਰੇ। ਪ੍ਰਬੰਧਕਾਂ ਨੂੰ ਇਰਾਕ ਤੇ ਇਰਾਨ ਦੇ ਵਿਚਕਾਰ ਇੰਡੋਨੇਸ਼ੀਆ ਦੀ ਟੋਲੀ ਪਾਉਣੀ ਪਈ ਤੇ ਇਰਾਨ ਨਾਂ ਦੀ ਫੱਟੀ ਇਕ ਮਰਦ ਨੇ ਚੁੱਕੀ।
ਸਭ ਤੋਂ ਚੁਸਤ ਵਰਦੀ ਚੀਨਿਆਂ ਤੇ ਜਪਾਨੀਆਂ ਦੀ ਸੀ ਤੇ ਉਨ੍ਹਾਂ ਦੇ ਦਲ ਵੀ ਕਾਫ਼ੀ ਵੱਡੇ ਸਨ। ਚੀਨੇ ਕਰੀਮ ਰੰਗੇ ਸੂਟਾਂ ਤੇ ਲਾਜਵਰੀ ਟੋਪੀਆਂ ਨਾਲ ਚੀਨੇ ਕਬੂਤਰ ਲੱਗ ਰਹੇ ਸਨ। ਜਪਾਨੀਆਂ ਦੇ ਸੂਹੇ ਸੂਟ ਅੱਗਾਂ ਬਾਲਦੇ ਜਾਂਦੇ ਸਨ। ਜਪਾਨਣਾਂ ਬੀਰ ਵਹੁਟੀ ਬਣੀਆਂ ਹੋਈਆਂ ਸਨ। ਸਾਡੇ ਕੋਲੋਂ ਫਲਾਈਂਗ ਸਿੱਖ ਮਿਲਖਾ ਸਿੰਘ ਉੱਠਿਆ। ਉਸ ਨੇ ਖੇਡਾਂ ਦੀ ਮਸ਼ਾਲ ਲੈ ਕੇ ਦੌੜਨਾ ਸੀ। ਮਾਰਚ ਪਾਸਟ ਪਿੱਛੋਂ ਗਿਆਨੀ ਜ਼ੈਲ ਸਿੰਘ ਨੇ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ। ਤੋਪਾਂ ਨੇ ਗਰਜ ਕੇ ਸਲਾਮੀ ਦਿੱਤੀ ਅਤੇ ਦੋ ਹਜ਼ਾਰ ਕਬੂਤਰ ਤੇ ਪੰਜ ਹਜ਼ਾਰ ਗੁਬਾਰੇ ਆਕਾਸ਼ ਵਿਚ ਛੱਡੇ ਗਏ। ਤਦੇ ‘ਮੁੜ੍ਹਕੇ ਦਾ ਮੋਤੀ’ ਗੁਰਬਚਨ ਸਿੰਘ ਰੰਧਾਵਾ ਮਸ਼ਾਲ ਫੜੀ ਸਟੇਡੀਅਮ ਵਿਚ ਦਾਖ਼ਲ ਹੋਇਆ। ਉਹ ਮਸ਼ਾਲ ਫਿਰ ਗੁਰਬਚਨ ਸਿੰਘ ਤੋਂ ਮਿਲਖਾ ਸਿੰਘ ਤੇ ਕਮਲਜੀਤ ਸੰਧੂ ਨੇ ਫੜੀ। ਦੋਹਾਂ ਨੇ ਟਰੈਕ ਦਾ ਪੌਣਾ ਕੁ ਚੱਕਰ ਲਾਇਆ ਤੇ ਮਸ਼ਾਲ ਹਾਕੀ ਦੇ ਖਿਡਾਰੀ ਬਲਬੀਰ ਸਿੰਘ (ਸੀਨੀਅਰ) ਤੇ ਡਿਆਨਾ ਸਾਈਮਜ਼ ਨੂੰ ਸੌਂਪ ਦਿੱਤੀ। ਉਹ ਦੋਵੇਂ ’ਕੱਠੇ ਪੌੜੀਆਂ ਚੜ੍ਹੇ। ਜਦੋਂ ਉਨ੍ਹਾਂ ਨੇ ਖੇਡਾਂ ਦੀ ਸੰਤਰੀ ਜੋਤ ਜਗਾਈ ਤਾਂ ਤਾੜੀਆਂ ਨਾਲ ਸਾਰਾ ਸਟੇਡੀਅਮ ਗੂੰਜ ਉੱਠਿਆ।’
ਜਦੋਂ ਵਰਿਆਮ ਨੇ ਉਹਦੀ ਲਿਖਣ-ਜੁਗਤ ਪੁੱਛੀ ਤਾਂ ਵੀ ਉਹਦਾ ਉੱਤਰ ਮਜ਼ੇਦਾਰ ਸੀ:
‘ਮੈਂ ਮੁੱਕੇਬਾਜ਼ ਮੁਹੰਮਦ ਅਲੀ ਦਾ ਰੇਖਾ ਚਿੱਤਰ ਲਿਖਣ ਸਮੇਂ ਸੋਚਣ ਲੱਗਿਆ ਕਿ ਪਹਿਲਾ ਫ਼ਿਕਰਾ ਉਹਦੇ ਮੁੱਕੇ ਵਰਗਾ ਹੀ ਹੋਵੇ। ਜਿਹੜਾ ਵੀ ਫ਼ਿਕਰਾ ਲਿਖਦਾ ਮੈਨੂੰ ਕਮਜ਼ੋਰ ਲੱਗਦਾ ਤੇ ਲਿਖ-ਲਿਖ ਕੇ ਕੱਟੀ ਜਾਂਦਾ। ਮੁੱਕੇਬਾਜ਼ ਦੀ ਮਹਾਨਤਾ ਮੇਰੀ ਪਕੜ ਵਿਚ ਨਹੀਂ ਸੀ ਆ ਰਹੀ। ਲੰਮੀ ਮਗਜ਼ਮਾਰੀ ਤੋਂ ਪਿੱਛੋਂ ਸੁੱਝਿਆ, ‘ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ।’ ਇਸ ਫਿ਼ਕਰੇ ਵਿਚ ਲੈਅ ਸੀ, ਅਲੰਕਾਰ ਸੀ ਤੇ ਲੱਲੇ ਅੱਖਰ ਵਾਲੇ ਲਫ਼ਜ਼ਾਂ ਦੀ ਧੁਨੀ ਸੀ। ਲਫ਼ਜ਼ਾਂ ਦਾ ਘੁਲਣਾ ਮੁੱਕਿਆਂ ਦੇ ਘੋਲ ਵਾਂਗ ਸੀ। ਛੋਟਾ ਜਿਹਾ ਵਾਕ ਮੀਢੀ ਵਾਂਗ ਗੁੰਦਿਆ ਗਿਆ ਸੀ।
ਫੇਰ ਪਹਿਲੇ ਪੈਰ੍ਹੇ ਨੂੰ ਖਿੱਚਪਾਊ ਬਣਾਉਣ ਤੇ ਪਾਠਕ ਨੂੰ ਚਕਾਚੌਂਧ ਕਰਨ ਲਈ ਮੈਂ ਲਿਖਿਆ- ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇੱਥੋਂ ਤੱਕ ਕਿ ਬੀਵੀਆਂ ਵੀ ਬਦਲੀਆਂ। ਉਹ ਓਲੰਪਿਕ ਚੈਂਪੀਅਨ ਬਣਿਆ, ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦੇ ਵਿਸ਼ਵ ਖਿਤਾਬ ਜਿੱਤੇ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ ਦਾ ਬਾਪ ਬਣਿਆ। ਚੁਤਾਲੀ ਸਾਲਾਂ ਦੀ ਉਮਰ ਵਿਚ ਉਸ ਨੇ ਅਠਾਈ ਸਾਲਾਂ ਦੀ ਕੁਆਰੀ ਯੁਲੰਡਾ ਨਾਲ ਵਿਆਹ ਕਰਵਾਇਆ ਤੇ ਹੁਣ ਕਈ ਸਾਲਾਂ ਤੋਂ ਪਰਕਿਨਸਨ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ।’
ਸਰਵਣ ਸਿੰਘ ਦੀ ਵਾਰਤਕ ਵਿਚੋਂ ਕਵਿਤਾ ਬੋਲਦੀ ਹੈ। ਉਹ ਨਿਰਾ ਸ਼ਬਦਾਂ ਦਾ ਓਲੰਪੀਅਨ ਨਹੀਂ। ਪੰਜਾਬੀ ਵਾਰਤਕ ਦਾ ਸ਼ਬਦਾਂ ਦਾ ਬੁਰਜ ਹੈ।
ਚੇਤੇ ਰਹੇ ਕਿ ਸਰਵਣ ਸਿੰਘ ਦੀਆਂ ਖੇਡ, ਖਿਡਾਰੀਆਂ ਤੇ ਖੇਡ ਜਗਤ ਬਾਰੇ ਲਿਖੀਆਂ ਪੁਸਤਕਾਂ ਦਰਜਨ ਤੋਂ ਵੱਧ ਹਨ। ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਖੇਡ ਦਰਸ਼ਨ, ਖੇਡ ਪਰਿਕਰਮਾ, ਓਲੰਪਿਕ ਖੇਡਾਂ, ਦੇਸੀ ਖੇਡਾਂ ਉਨ੍ਹਾਂ ਵਿੱਚੋਂ ਪ੍ਰਮੁੱਖ ਹਨ। ਉਸ ਦੇ ਲੇਖਾਂ ਦੀ ਪ੍ਰਵਾਨਗੀ ਨੇ ਉਸ ਨੂੰ ਖੇਡ ਜਗਤ ਤੋਂ ਬਾਹਰ ਦੇ ਬੰਦਿਆਂ ਬਾਰੇ ਵੀ ਲਿਖਣ ਨੂੰ ਮਜਬੂਰ ਕੀਤਾ ਤਾਂ ਉਸ ਨੇ ‘ਪੰਜਾਬੀਆਂ ਦਾ ਬਾਈ’ ਨਾਂ ਦੀ ਪੁਸਤਕ ਜਸਵੰਤ ਸਿੰਘ ਕੰਵਲ ਬਾਰੇ ਲਿਖੀ ਤੇ ਉਸ ਤੋਂ ਪਿੱਛੋਂ ‘ਪੰਜਾਬ ਦੇ ਕੋਹੇਨੂਰ’ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਬਾਰੇ ਲਿਖੀ।
ਉਹ ਜਿਸ ਕਿਸੇ ਬਾਰੇ ਲਿਖਦਾ ਹੈ, ਉਸ ਵਿਅਕਤੀ ਨੂੰ ਪੜ੍ਹਨ ਵਾਲੇ ਦੇ ਸਾਹਮਣੇ ਲਿਆ ਖਲ੍ਹਾਰਦਾ ਹੈ। ਆਪਣੀ ਲੇਖਣੀ ਸਦਕਾ ਉਸ ਨੇ ਉੱਚ ਕੋਟੀ ਦੀਆਂ ਸਾਹਿਤਕ ਮਿਲਣੀਆਂ ਵਿਚ ਭਾਗ ਲਿਆ ਜਿਨ੍ਹਾਂ ਵਿੱਚੋਂ ਚੰਡੀਗੜ੍ਹ, ਲਾਹੌਰ ਤੇ ਟੋਰਾਂਟੋ ਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਪ੍ਰਮੁੱਖ ਹਨ।
ਹਥਲਾ ਲੇਖ ਉਸ ਦੀ ਵਾਰਤਕ ਸ਼ੈਲੀ ਬਾਰੇ ਹੈ। ਉਸ ਦੇ ਨਿੱਜ ਨੂੰ ਜਾਨਣਾ ਹੋਵੇ ਤਾਂ ਅੱਜਕੱਲ੍ਹ ਉਹ ਸਾਲ ਦਾ ਕੁਝ ਭਾਗ ਪੰਜਾਬ ਰਹਿੰਦਾ ਹੈ ਤੇ ਕੁਝ ਟੋਰਾਂਟੋ। ਉਸ ਦਾ ਇਕ ਬੇਟਾ ਜਗਵਿੰਦਰ ਸਿੰਘ, ਅਮਰਜੀਤ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਚ ਪੜ੍ਹਾਉਂਦਾ ਹੈ ਤੇ ਦੂਜਾ ਗੁਰਵਿੰਦਰ ਸਿੰਘ ਸੰਧੂ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ ਵਾਸੀ ਹੋ ਚੁੱਕਿਆ ਹੈ। ਵਰਿਆਮ ਵੀ ਉਸੇ ਸ਼ਹਿਰ ਵਿਚ ਰਹਿੰਦਾ ਹੈ। ਗੁਰਵਿੰਦਰ ਮੇਰੇ ਅਤੇ ਵਰਿਆਮ ਵਾਂਗੂੰ ਆਪਣੇ ਨਾਂ ਨਾਲ ਆਪਣਾ ਗੋਤ ਲਿਖਦਾ ਹੈ ਜਦੋਂਕਿ ਜਗਵਿੰਦਰ ਸਿੰਘ ਨੇ ਆਪਣੇ ਪਿਤਾ ਦੀ ਪਿਰਤ ਪਾਲੀ ਹੈ। ਸਰਵਣ ਨੂੰ ਗੋਤ ਦੀ ਵਰਤੋਂ ਤੋਂ ਰੋਕਣ ਦਾ ਦੋਸ਼ੀ ਮੈਂ ਖ਼ੁਦ ਹੀ ਹਾਂ। ਉਸ ਦਾ ਸਾਹਿਤ ਜਗਤ ਵਿਚ ਪ੍ਰਵੇਸ਼ ਏਨਾ ਤੇਜ਼ ਸੀ ਕਿ ਮੈਂ ਇਸ ਦਾ ਸਵਾਗਤ ਕਰਦਿਆਂ ਕਹਿ ਬੈਠਿਆ ਕਿ ਜੇ ਉਹ ਵੀ ਸੰਧੂ ਲਿਖਣ ਲੱਗ ਗਿਆ ਤਾਂ ਦੋ ਸੰਧੂਆਂ ਦਾ ਰੌਲਾ ਪੈ ਜਾਵੇਗਾ। ਉਦੋਂ ਮੈਂ ਨਹੀਂ ਸੀ ਜਾਣਦਾ ਕਿ ਸਾਡੇ ਪਿੱਛੇ ਵਰਿਆਮ ਵੀ ਲੱਗਿਆ ਹੋਇਆ ਸੀ।
ਸਰਵਣ ਸਿੰਘ ਨੂੰ ਜਾਨਣ ਲਈ ਉਸ ਦੀ ਸਵੈ-ਜੀਵਨੀ ‘ਹਸੰਦਿਆਂ ਖੇਲ੍ਹੰਦਿਆਂ’ ਵੀ ਪੜ੍ਹੀ ਜਾ ਸਕਦੀ ਹੈ। ਜੇ ਤੁਸੀਂ ਮੇਰੇ ਵਾਂਗ ਬਹੁਤ ਘੱਟ ਪੜ੍ਹਨ ਵਾਲੇ ਹੋ ਤਾਂ ਹੇਠ ਲਿਖਿਆ ਹੀ ਕਾਫ਼ੀ ਹੈ ਜਿਹੜਾ ਸਰਵਣ ਸਿੰਘ ਵੱਲੋਂ ਵਰਿਆਮ ਸਿੰਘ ਦੇ ਕਿਸੇ ਪ੍ਰਸ਼ਨ ਦਾ ਉੱਤਰ ਹੈ:
‘ਮੈਂ ਪੰਜਵੀਂ ’ਚ ਪੜ੍ਹਦਾ ਸਾਂ। ਸਕੂਲ ਦੀ ਵਰਦੀ ਬਣਾਊਣੀ ਸੀ। ਬਾਪੂ ਜੀ ਕਲਕੱਤੇ ਟਰੱਕ ਚਲਾਉਂਦੇ ਸਨ। ਬੇਬੇ ਨੇ ਘਰਦਿਆਂ ਤੋਂ ਚੋਰੀ ਮੈਥੋਂ ਬਾਪੂ ਜੀ ਨੂੰ ਚਿੱਠੀ ਲਿਖਵਾਈ ਕਿ ਵਰਦੀ ਲਈ ਰੁਪਏ ਭੇਜੋ। ਵੀਹ ਰੁਪਏ ਡਾਕਖਾਨੇ ਆਏ ਜੋ ਬਾਬੇ ਨੇ ਲਿਆਂਦੇ ਤੇ ਆਉਂਦਿਆਂ ਈ ਬੇਬੇ ਨੂੰ ਬੋਲ ਕੁਬੋਲ ਬੋਲਣ ਲੱਗੇ ਕਿ ਤੂੰ ਮੁੰਡੇ ਤੋਂ ਚਿੱਠੀ ਕਿਉਂ ਲਿਖਵਾਈ? ਮੈਂ ਮਰ ਗਿਆ ਸੀ? ਘਰ ’ਚ ਪੈਸੇ ਨਹੀਂ ਸੀ? ਉੱਦਣ ਮੈਂ ਬੇਬੇ ਨੂੰ ਅੰਦਰ ਵੜ ਕੇ ਚੁੰਨੀ ’ਚ ਮੂੰਹ ਲੈ ਕੇ ਰੋਂਦੀ ਵੇਖਿਆ ਜਿਸ ਦੀ ਉਦੋਂ ਮੈਨੂੰ ਸਮਝ ਨਹੀਂ ਸੀ, ਪਰ ਹੁਣ ਸਮਝ ਐ। ਚਿੱਠੀ ਲਿਖਵਾਉਣਾ ਤਾਂ ਬਹਾਨਾ ਸੀ, ਦੂਰ ਗਏ ਸਿਰ ਦੇ ਸਾਈਂ ਨਾਲ ਸਨੇਹ ਦਾ, ਮੇਰ ਦਾ! ਵੀਹ ਰੁਪਈਆਂ ਦੀ ਤੋਟ ਨਹੀਂ ਸੀ, ਤੋਟ ਤਾਂ ਕੋਈ ਹੋਰ ਸੀ। ਫਿਰ ਵੀ ਦੁਖਿਆਰੀ ਮਾਂ ਨੂੰ ਬੋਲ ਕੁਬੋਲ ਸੁਣਨੇ ਪਏ। ਕਾਸ਼! ਮੈਂ ਉਦੋਂ ਦਿਲਾਸਾ ਦੇਣ ਜੋਗਾ ਹੁੰਦਾ!’ ਸਰਵਣ ਸਿੰਘ ਦੀ ਮਾਤਾ ਜੀ ਬਾਰੇ ਮੈਂ ਹੋਰ ਜਾਨਣਾ ਚਾਹਿਆ ਤਾਂ ਉਸ ਦਾ ਉੱਤਰ ਵੀ ਸੰਖੇਪ ਸੀ: ‘ਖੁੱਲ੍ਹੀ ਰਸੋਈ ਜਾਂ ਬਾਹਰ ਚੌਂਕੇ ਵਿਚ ਪੀੜ੍ਹੀ ਉੱਤੇ ਬੈਠੀ ਟੱਬਰ ਦੀਆਂ ਰੋਟੀ ਲਾਹੁੰਦੀ ਬੇਬੇ ਮੈਨੂੰ ਅੱਜ ਵੀ ਦਿਸਦੀ ਐ। ਉਹ ਟੋਕਰਾ ਰੋਟੀਆਂ ਦਾ ਲਾਹ ਦਿੰਦੀ ਤੇ ਘੰਟਿਆਂਬੱਧੀ ਚੁਰ ’ਤੇ ਬੈਠੀ ਰਹਿੰਦੀ। ਕੌਲੀਆਂ ’ਚ ਦਾਲ ਪਾ ਕੇ ਉਹ ਹਰ ਇਕ ਨੂੰ ਥੋੜ੍ਹੀ-ਥੋੜ੍ਹੀ ਮੱਖਣੀ ਪਾਉਂਦੀ ਜੀਹਨੂੰ ਚੋਪੜ ਕਹਿੰਦੀ। ਚੋਪੜ ਦੁਬਾਰਾ ਤਬਿਾਰਾ ਪੁਆਉਣ ਲਈ ਅਸੀਂ ਵਾਰ-ਵਾਰ ਦਾਲ ਪੁਆਉਂਦੇ। ਉਹ ਆਪ ਭਾਵੇਂ ਬਿਮਾਰ ਰਹੀ, ਪਰ ਕੜੀਆਂ ਵਰਗੇ ਪੰਜ ਪੁੱਤ ਜੰਮੇ ਤੇ ਤਿੰਨ ਧੀਆਂ। ਅਸੀਂ ਅੱਠੇ ਜਣੇ ਅਜੇ ਤੱਕ ਕੈਮ ਆਂ। ਸਾਡੀ ਮਾਂ ਅੱਸੀ ਸਾਲ ਦੀ ਹੋ ਕੇ ਪੂਰੀ ਹੋਈ।’
ਸਰਵਣ ਸਿੰਘ ਬਾਰੇ ਏਸ ਤੋਂ ਵੱਧ ਲਿਖਣ ਦੀ ਲੋੜ ਨਹੀਂ। ਜਿੱਥੋਂ ਤੱਕ ਸਿਰਲੇਖ ਦੀ ਚੋਰੀ ਦਾ ਸਬੰਧ ਹੈ, ਮੈਂ ਜਾਣਾਂ ਜਾਂ ਵਰਿਆਮ। ਸਰਵਣ ਸਿੰਘ ਨੇ ਅੱਠ ਜੁਲਾਈ ਨੂੰ ਅੱਸੀਆਂ ਦਾ ਹੋ ਜਾਣਾ ਹੈ। ਮੇਰੇ ਵੱਲੋਂ ਹਥਲਾ ਲੇਖ ਲਿਖਣ ਦਾ ਮਤਲਬ ਨਵੇਂ ਲੇਖਕਾਂ ਨੂੰ ਸਰਵਣ ਬਾਰੇ ਦੱਸਣਾ ਨਹੀਂ ਸਗੋਂ ਇਹ ਦੱਸਣਾ ਹੈ ਕਿ ਚੰਗੀ ਵਾਰਤਕ ਲਿਖਣ ਲਈ ਕੀ ਕੁਝ ਕਰਨਾ ਪੈਂਦਾ ਹੈ। ਕਰੋ ਤੇ ਮਾਣੋ!
ਸੰਪਰਕ: 98157-78469